ਗੁਰਿੰਦਰ ਸਿੰਘ
ਲੁਧਿਆਣਾ, 9 ਅਕਤੂਬਰ
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਧਰਮ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਫ਼ਿਰਕੂ ਤਾਕਤਾਂ ਵੱਲੋਂ ਇਸਲਾਮ ਧਰਮ ਨੂੰ ਅਤਿਵਾਦ ਨਾਲ ਜੋੜਨਾ ਗ਼ਲਤ ਹੀ ਨਹੀਂ ਬਲਕਿ ਨਿੰਦਣਯੋਗ ਵੀ ਹੈ। ਇਸਲਾਮ ਧਰਮ ਖ਼ਿਲਾਫ਼ ਨਿੰਦਨਯੋਗ ਗੱਲਾਂ ਇਨਸਾਨੀਅਤ ਲਈ ਸ਼ਰਮਨਾਕ ਹਨ। ਉਹ ਅੱਜ ਮੁਸਲਿਮ ਭਾਈਚਾਰੇ ਵੱਲੋਂ ਈਦ-ਮਿਲਾਦ-ਉਨ ਨਬੀ ਮੌਕੇ ਹੋੋਏ ਸਮਾਗਮਾਂ ਦੌਰਾਨ ਸੰਬੋਧਨ ਕਰ ਰਹੇ ਸਨ। ਜਾਮਾ ਮਸਜਿਦ ਅਤੇ ਗਨੇਸ਼ ਨਗਰ ਵਿੱਚ ਹੋਏ ਸਮਾਗਮਾਂ ਦੌਰਾਨ ਉਨ੍ਹਾਂ ਕਿਹਾ ਕਿ 12 ਰਬੀ-ਉਲ-ਅੱਵਲ ਦੇ ਦਿਨ ਹਜ਼ਰਤ ਮੁਹੰਮਦ ਸਲੱਲਾਹੁ ਅਲੈਹੀਵਸੱਲਮ ਦਾ ਜਨਮ ਹੋਇਆ। 63 ਸਾਲ ਤੱਕ ਸੰਸਾਰ ਵਿੱਚ ਇਨਸਾਨੀਅਤ ਨੂੰ ਪਿਆਰ-ਮੁਹੱਬਤ ਅਤੇ ਭਾਈਚਾਰੇ ਦਾ ਪਾਠ ਪੜ੍ਹਾ ਕੇ ਅੱਜ ਦੇ ਦਿਨ ਹੀ ਅੱਲ੍ਹਾ ਕੋਲ ਪਰਤ ਗਏ ਸਨ। ਇਸ ਲਈ ਅੱਜ ਦੇ ਦਿਨ ਨੂੰ 12 ਵਫਾਤ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਅੱਜ ਦੇ ਦਿਨ ਮੁਸਲਮਾਨ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਸਿੱਖਿਆਵਾਂ ਮੁਤਾਬਕ ਜੀਵਨ ਬਤੀਤ ਕਰਨ ਦਾ ਸੰਕਲਪ ਦੁਹਰਾਉਂਦੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ 1400 ਸਾਲ ਮਗਰੋਂ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਕਿਸੇ ਤਬਦੀਲੀ ਤੋਂ ਬਿਨਾਂ ਮੌਜੂਦ ਹਨ ਤੇ ਮਨੁੱਖ ਲਈ ਰਾਹ ਦਸੇਰਾ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅੱਲ੍ਹਾ ਨੇ ਕੁਰਾਨ ਸ਼ਰੀਫ ਵਿਚ ਸਪੱਸ਼ਟ ਕੀਤਾ ਹੈ ਕਿ ਹਜ਼ਰਤ ਮੁਹੰਮਦ ਆਖ਼ਰੀ ਨਬੀ ਹਨ, ਹੁਣ ਕੋਈ ਹੋਰ ਵਿਅਕਤੀ ਕਿਆਮਤ ਤੱਕ ਨਬੀ ਬਣ ਕੇ ਨਹੀਂ ਆ ਸਕਦਾ।