ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 18 ਫਰਵਰੀ
ਇੱਥੇ 48 ਸਾਲ ਪਹਿਲਾਂ ਤੇਲ ਦੀ ਬਲੈਕ ਲਈ ਚੱਲੇ ਸੰਘਰਸ਼ ਦੌਰਾਨ ਸ਼ਹੀਦ ਪਿਆਰਾ ਸਿੰਘ ਗਾਲਬਿ ਦੀ ਬਰਸੀ ਅੱਜ ਨੇੜਲੇ ਪਿੰਡ ਗਾਲਬਿ ਕਲਾਂ ਵਿਖੇ ਮਨਾਈ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਇਹ ਬਰਸੀ ਸਮਾਗਮ ਕਰਵਾਇਆ ਗਿਆ। ਕਿਸਾਨ ਆਗੂ ਰਾਮਸ਼ਰਨ ਸਿੰਘ ਰਸੂਲਪੁਰ ਅਤੇ ਪਰਵਾਰ ਸਿੰਘ ਗਾਲਬ ਨੇ ਇਸ ਮੌਕੇ ਕਿਹਾ ਕਿ ਤੇਲ ਦੀ ਬਲੈਕ ਖ਼ਿਲਾਫ਼ ਚੱਲ ਰਹੇ ਸ਼ੰਘਰਸ਼ ’ਚ ਪਿਆਰਾ ਸਿੰਘ ਗਾਲਬਿ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਸੀ। ਸਭ ਤੋਂ ਪਹਿਲਾਂ ਸ਼ਹੀਦ ਦੀ ਲਾਟ ’ਤੇ ਸ਼ਹੀਦ ਦੇ ਭਰਾ ਸਾਥੀ ਵਰਿਆਮ ਸਿੰਘ ਗਾਲਬਿ, ਦਰਸ਼ਨ ਸਿੰਘ ਗਾਲਬਿ, ਰਾਮਸ਼ਰਨ ਸਿੰਘ, ਇੰਦਰਜੀਤ ਸਿੰਘ ਧਾਲੀਵਾਲ ਤੇ ਜਗਤ ਸਿੰਘ ਲੀਲਾਂ ਨੇ ਲਾਲ ਝੰਡਾ ਝੁਲਾਇਆ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦਾ ਜੱਥਾ ਪ੍ਰਧਾਨ ਡਾ. ਸੁਖਦੇਵ ਸਿੰਘ ਭੂੰਦੜੀ ਦੀ ਅਗਵਾਈ ’ਚ ਸ਼ਾਮਲ ਹੋਇਆ। ਡਾ. ਸੁਖਦੇਵ ਭੂੰਦੜੀ ਨੇ ਤੇਲ ਦੀ ਬਲੈਕ ਦੇ ਖ਼ਿਲਾਫ਼ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲਾ ਸ਼ਹੀਦ ਇਕ ਬੇਜ਼ਮੀਨਾ ਮਜ਼ਦੂਰ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦਾ ਅੱਜ ਦਾ ਸੰਘਰਸ਼ ਕੋਈ ਨਵਾਂ ਨਹੀਂ ਸਗੋਂ ਇਹ ਪੰਜ ਦਹਾਕੇ ਤੋਂ ਚੱਲਦਾ ਆ ਰਿਹਾ ਹੈ। ਸ਼ਹੀਦੀ ਸਮਾਗਮ ’ਚ ਜਗਨ ਨਾਥ ਅਤੇ ਸਿੱਧੂ ਜਗਰਾਉਂ ਨੇ ਇਨਕਲਾਬੀ ਗੀਤ ਗਾਏ। ਇਸ ਮੌਕੇ ਦਵਿੰਦਰ ਸਿੰਘ, ਸੁਖਦੇਵ ਸਿੰਘ ਚਾਹਲ, ਸੋਮਾ ਗਾਲਬਿ, ਪਰਮਜੀਤ ਸਿੰਘ ਮੌਜੂਦ ਸਨ।