ਪੱਤਰ ਪ੍ਰੇਰਕ
ਸਮਰਾਲਾ, 3 ਨਵੰਬਰ
ਸਿਵਲ ਹਸਪਤਾਲ ਸਮਰਾਲਾ ਵਿਖੇ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਮੌਕੇ ਹਸਪਤਾਲ ਦੇ ਸਮੁੱਚੇ ਸਟਾਫ਼ ਨੇ ਤੰਬਾਕੂ ਪਦਾਰਥਾਂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕਦੇ ਹੋਏ ਇਹ ਪ੍ਰਣ ਵੀ ਲਿਆ ਕਿ, ਉਹ ਆਮ ਲੋਕਾਂ ਨੂੰ ਵੀ ਤੰਬਾਕੂ ਤੋਂ ਹੋਣ ਵਾਲੇ ਸਿਹਤ ਨੁਕਸਾਨ ਬਾਰੇ ਜਾਗਰੂਕ ਕਰਕੇ ਤੰਬਾਕੂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਹਸਪਤਾਲ ਦੇ ਐੱਸਐੱਮਓ ਡਾ. ਤਾਰਿਕਜੋਤ ਸਿੰਘ ਨੇ ਤੰਬਾਕੂ ਅਤੇ ਇਸ ਤੋਂ ਬਣੇ ਪਦਾਰਥਾਂ ਨੂੰ ਸਿਹਤ ਲਈ ਘਾਤਕ ਦੱਸਦਿਆ ਕਿਹਾ ਕਿ ਤੰਬਾਕੂ ਦੀ ਵਰਤੋਂ ਕਾਰਨ ਦੇਸ਼ ਵਿੱਚ ਹਰ ਸਾਲ ਲੱਖਾਂ ਮੌਤਾਂ ਹੋ ਰਹੀਆਂ ਹਨ ਅਤੇ ਤੰਬਾਕੂ ਜ਼ਿਦਗੀ ਲਈ ਬਹੁਤ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਕਾਰਨ ਵਿਅਕਤੀ ਸਾਹ, ਦਮਾ, ਚਮੜੀ ਰੋਗ, ਦਿਮਾਗੀ ਰੋਗ ਸਮੇਤ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਲਈ ਸਿਹਤਮੰਦ ਰਹਿਣ ਲਈ ਜ਼ਰੂਰੀ ਹੈ, ਕਿ ਤੰਬਾਕੂ ਦਾ ਸੇਵਨ ਨਾ ਕੀਤਾ ਜਾਵੇ ਅਤੇ ਜਿਹੜੇ ਲੋਕਾਂ ਨੂੰ ਇਸ ਦੀ ਆਦਤ ਹੈ, ਉਸ ਤੋਂ ਤੁਰੰਤ ਛੁਟਕਾਰਾ ਪਾਇਆ ਜਾਵੇ।