ਪੱਤਰ ਪ੍ਰੇਰਕ
ਪਾਇਲ, 5 ਜੂਨ
ਮਹਾਨ ਯੁੱਗ ਪੁਰਸ਼, ਮਨੁੱਖਤਾ ਦੇ ਮਸੀਹਾ ਅਤੇ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਹਾੜਾ ਉਨ੍ਹਾਂ ਦੇ ਜੱਦੀ ਪਿੰਡ ਰਾਜੇਵਾਲ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ।
ਇਸ ਮੌਕੇ ਉੱਘੇ ਰਾਗੀ, ਢਾਡੀ, ਕਥਾਵਾਚਕ, ਕਵੀਸ਼ਰੀ ਜਥਿਆਂ ਅਤੇ ਵਿਦਵਾਨਾਂ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਕਵੀਸ਼ਰੀ ਜੱਥਾ ਭਾਈ ਗੁਰਜੰਟ ਸਿੰਘ ਬੈਂਕਾ ਸੰਪਰਦਾਇ ਬਾਬਾ ਬਿਧੀ ਚੰਦ ਹਜ਼ੂਰੀ ਜੱਥਾ, ਭਾਈ ਗੁਰਮੀਤ ਸਿੰਘ ਚਮਕੌਰ ਸਾਹਿਬ ਸਮੇਤ ਜਥਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਭਗਤ ਪੂਰਨ ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਅਤੇ ਵਾਤਾਵਰਨ ਨੂੰ ਸੰਭਾਲਣ ਦੇ ਲੇਖੇ ਲਗਾ ਦਿੱਤੀ। ਭਗਤ ਜੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਕਮੇਟੀ ਵੱਲੋਂ ਬੂਟਿਆਂ ਦਾ ਪ੍ਰਸਾਦ ਵੀ ਵੰਡਿਆ ਗਿਆ। ਇਹ ਜਾਣਕਾਰੀ ਸੈਕਟਰੀ ਜਗਤਾਰ ਸਿੰਘ ਅਤੇ ਖਜਾਨਚੀ ਅਮਰੀਕ ਸਿੰਘ ਨੇ ਦਿੱਤੀ। ਇਸ ਮੌਕੇ ਠੰਢੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।