ਸੰਤੋਖ ਗਿੱਲ
ਗੁਰੂਸਰ ਸੁਧਾਰ, 12 ਮਈ
ਸੰਯੁਕਤ ਕਿਸਾਨ ਮੋਰਚਾ ਅਤੇ ਜਮਹੂਰੀ ਕਿਸਾਨ ਸਭਾ ਨੇ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸਰਹਿੰਦ ਫ਼ਤਿਹ ਦਿਵਸ ਮਨਾਉਂਦਿਆਂ ਵਿਵਾਦਿਤ ਖੇਤੀ ਕਾਨੂੰਨ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ। ਲੜੀਵਾਰ ਧਰਨੇ ਦੀ ਅਗਵਾਈ ਕਰਦਿਆਂ ਅਮਨਦੀਪ ਕੌਰ, ਕੁਲਜੀਤ ਕੌਰ ਗਰੇਵਾਲ ਅਤੇ ਜਸਪ੍ਰੀਤ ਕੌਰ ਨੇ ਕਿਹਾ ਕਿ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਦਾ ਬਦਲਾ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਦੇ ਦਿਨ ਹੀ ਜ਼ਾਲਮ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਾਰਿਆ ਸੀ। ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਜੜਤੌਲੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਦੀਆਂ ਤੋਂ ਗ਼ੁਲਾਮੀ ਦੀ ਜ਼ਿੰਦਗੀ ਜੀਅ ਰਹੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦੇ ਕੇ ਨਵੇਂ ਇਨਕਲਾਬ ਦੀ ਸ਼ੁਰੂਆਤ ਕੀਤੀ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ਉੱਪਰ ਚੱਲ ਰਿਹਾ ਕਿਸਾਨ ਅੰਦੋਲਨ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਰੁਜ਼ਗਾਰ ਦੀ ਰਾਖੀ ਲਈ ਜਿੱਤ ਤੱਕ ਜਾਰੀ ਰਹੇਗਾ। ਸਰਹਿੰਦ ਫ਼ਤਿਹ ਦਿਵਸ ਮੌਕੇ ਲੁਧਿਆਣਾ ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ ਟੌਲ ਪਲਾਜ਼ਾ ਉੱਪਰ ਵੀ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਮਾਗਮ ਕੀਤਾ ਗਿਆ ਅਤੇ ਖੇਤੀ ਕਾਨੂੰਨਾਂ ਦੀ ਵਾਪਸੀ ਮੰਗੀ।
ਲੁਧਿਆਣਾ (ਗੁਰਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਫ਼ਿਰੋਜ਼ਪੁਰ ਰੋਡ ਸਥਿਤ ਐੱਮਬੀਡੀ ਮਾਲ ਦੇ ਬਾਹਰ ਲਗਾਏ ਪੱਕੇ ਕਿਸਾਨ ਮੋਰਚੇ ’ਤੇ ਸਰਹਿੰਦ ਫਤਿਹ ਦਿਵਸ ਅਤੇ ਗੁਰੂ ਅੰਗਦ ਦੇਵ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ ਕੀਤੇ ਸੰਘਰਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ, ਪਰ ਹੁਣ ਮੋਦੀ ਸਰਕਾਰ ਇਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਖੇਤੀ ਕਾਨੂੰਨ ਲਿਆਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਬਣਾਏ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਹਨ ਅਤੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ।
ਸਮਰਾਲਾ (ਡੀ.ਪੀ.ਐੱਸ ਬਤਰਾ): ਖੇਤੀ ਕਾਨੂੰਨ ਰੱਦ ਕਰਨ ਲਈ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਵਿੱਚ ਨਵਾਂ ਜੋਸ਼ ਭਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਸਮਰਾਲਾ ਹਲਕੇ ਤੋਂ ਵੀ 150 ਤੋਂ ਵੱਧ ਕਿਸਾਨਾਂ ਦਾ ਇਕ ਜਥਾ ਟਿੱਕਰੀ ਲਈ ਰਵਾਨਾ ਹੋਇਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਉੱਤਮ ਸਿੰਘ ਬਰਵਾਲੀ ਦੀ ਅਗਵਾਈ ਹੇਠ ਰਵਾਨਾ ਹੋਏ ਇਸ ਜਥੇ ਵਿੱਚ 20 ਤੋਂ ਵੱਧ ਪਿੰਡਾਂ ਦੇ ਕਿਸਾਨ ਤੇ ਜਥੇਬੰਦੀ ਦੇ ਆਗੂ ਸ਼ਾਮਲ ਸਨ। ਇਸ ਕਿਸਾਨ ਜੱਥੇ ਨੂੰ ਰਵਾਨਾ ਕਰਨ ਮੌਕੇ ਆਪਣੇ ਸੰਬੋਧਨ ਵਿੱਚ ਕਿਸਾਨ ਆਗੂ ਉੱਤਮ ਸਿੰਘ ਬਰਵਾਲੀ ਨੇ ਆਖਿਆ ਕਿ ਕਿਸਾਨ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨ ਇਹ ਸੰਘਰਸ਼ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨ ਕੁਝ ਦਿਨਾਂ ਲਈ ਆਪਣੀਆਂ ਫ਼ਸਲਾਂ ਦੀ ਸੰਭਾਲਣ ਲਈ ਪਰਤੇ ਸਨ, ਪਰ ਹੁਣ ਮੁੜ ਵੱਡੀ ਗਿਣਤੀ ’ਚ ਕਿਸਾਨਾਂ ਦੇ ਕਾਫ਼ਲੇ ਦਿੱਲੀ ਲਈ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ। ਇਸ ਮੌਕੇ ਜਥੇਬੰਦੀ ਦੇ ਕਾਰਜਕਾਰੀ ਬਲਾਕ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਅੱਜ 30 ਗੱਡੀਆਂ ਦਾ ਕਿਸਾਨ ਕਾਫ਼ਲਾ ਸਮਰਾਲਾ ਬਲਾਕ ਵਿੱਚੋਂ ਰਵਾਨਾ ਹੋਇਆ ਹੈ ਤੇ ਹਰ ਰੋਜ਼ ਹੀ ਕਿਸਾਨ ਜਥੇ ਦਿੱਲੀ ਲਈ ਪੂਰੇ ਉਤਸ਼ਾਹ ਨਾਲ ਰਵਾਨਾ ਹੋ ਰਹੇ ਹਨ।