ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜਨਵਰੀ
ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ, ਗੁਜਰਖਾਨ ਕੈਂਪਸ ਦੇ ਅੰਦਰੂਨੀ ਕੁਆਲਿਟੀ ਅਸ਼ੋਰੈਂਸ ਸੈੱਲ ਨੇ ਸਮਾਜ ਸ਼ਾਸਤਰ ਵਿਭਾਗ ਅਤੇ ਸਵੱਛਤਾ ਐਕਸ਼ਨ ਪਲਾਨ ਕਮੇਟੀ ਦੇ ਸਹਿਯੋਗ ਨਾਲ ਰਾਸ਼ਟਰੀ ਯੁਵਾ ਦਿਵਸ ਮਨਾਇਆ। ਇਸ ਮੌਕੇ ਕਾਲਜ ਦੇ ਯੂਥ ਕਲੱਬ ਮੈਂਬਰਾਂ ਵੱਲੋਂ ਬੂਟੇ ਲਾਏ ਗਏ। ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਮਨਾਉਂਦੇ ਹੋਏ ‘ਨੈਤਿਕ ਕਦਰਾਂ ਕੀਮਤਾਂ’ ਵਿਸ਼ੇ ’ਤੇ ਡਾ. ਮਧੂ ਧਵਨ ਵੱਲੋਂ ਇੱਕ ਪਾਵਰ ਪੁਆਇੰਟ ਦੀ ਪੇਸ਼ਕਾਰੀ ਵੀ ਦਿੱਤੀ ਗਈ। ਦੇਵਕੀ ਦੇਵੀ ਜੈਨ ਕਾਲਜ ਵਿੱਚ ਵੀ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ’ਤੇ ਪ੍ਰੋਗਰਾਮ ਉਲੀਕਿਆ ਗਿਆ। ਇਸ ਦੌਰਾਨ ਵੋਟਰ ਕੈਂਪ ਵੀ ਲਾਇਆ ਗਿਆ। ਇਸ ਦਾ ਮਕਸਦ ਕੋਈ ਵੀ ਨੌਜਵਾਨ ਆਪਣੇ ਵੋਟ ਦੇ ਅਧਿਕਾਰ ਤੋਂ ਖੁੰਝ ਨਾ ਜਾਵੇ। ਪ੍ਰਬੰਧਕਾਂ ਦਾ ਕਹਿਣਾ ਸੀ ਕਿ ਸਵਾਮੀ ਵਿਵੇਕਾਨੰਦ ਦਾ ਮੰਨਣਾ ਸੀ ਕਿ ਨੌਜਵਾਨਾਂ ਦੀ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਇਸ ਕੈਂਪ ਵਿੱਚ 500 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਵੋਟਰ ਕਾਰਡ ਲਈ ਨਾਮ ਦਰਜ ਕਰਵਾਇਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਦੇਵ ਰਾਜ ਜੈਨ, ਪ੍ਰਧਾਨ ਨੰਦ ਕੁਮਾਰ ਜੈਨ ਅਤੇ ਕਾਲਜ ਪ੍ਰਿੰਸੀਪਲ ਸਰਿਤਾ ਬਹਿਲ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਸਾਡਾ ਇੱਕ ਇੱਕ ਵੋਟ ਦੇਸ਼ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਸਾਨੂੰ ਪੂਰੀ ਸਾਵਧਾਨੀ ਨਾਲ ਇਸ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।