ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਨਵੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਕਾਲਜ ਆਫ਼ ਡੇਅਰੀ ਸਾਇੰਸ ਅਤੇ ਤਕਨਾਲੋਜੀ ਨੇ ਅੱਜ ‘ਰਾਸ਼ਟਰੀ ਦੁੱਧ ਦਿਵਸ’ ਮਨਾਇਆ। ਇਹ ਦਿਨ ‘ਭਾਰਤ ਵਿੱਚ ਚਿੱਟੀ ਕ੍ਰਾਂਤੀ ਦੇ ਪਿਤਾਮਾ’ ਡਾ ਵਰਗੀਜ਼ ਕੁਰੀਅਨ ਦੇ ਜਨਮ ਦੀ ਸ਼ਤਾਬਦੀ ਦੇ ਸਿਲਸਿਲੇ ਵਿੱਚ ਮਨਾਇਆ ਗਿਆ। ਇਸ ਸਮਾਗਮ ਦਾ ਵਿਸ਼ਾ ‘ਸਿਹਤਮੰਦ ਅਤੇ ਖੁਸ਼ਹਾਲ ਭਾਰਤ ਲਈ ਦੁੱਧ ਅਤੇ ਦੁੱਧ ਉਤਪਾਦ’ ਰੱਖਿਆ ਗਿਆ। ਇਸ ਮੌਕੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਆਫ਼ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਡੀਨ ਡਾ. ਰਮਨੀਕ ਨੇ ਦੱਸਿਆ ਕਿ ਕਾਲਜ ਦਾ ਮੁੱਖ ਮੰਤਵ ਡੇਅਰੀ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੈਦਾ ਕਰਨਾ ਹੈ । ਰਾਸ਼ਟਰੀ ਦੁੱਧ ਦਿਵਸ ਦੇ ਸੰਦਰਭ ਵਿੱਚ 22 ਤੋਂ 24 ਨਵੰਬਰ ਤੱਕ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਭਾਸ਼ਣਾਂ ਕਰਵਾਏ ਗਏ। 25 ਤੋਂ 26 ਨਵੰਬਰ ਤੱਕ ‘ਦੁੱਧ ਵਿੱਚ ਮਿਲਾਵਟ ਦੀ ਜਾਂਚ ਸਬੰਧੀ ਮੁਫ਼ਤ ਕੈਂਪ’ ਵੀ ਲਗਾਇਆ ਗਿਆ। ਅੱਜ ਕਰਵਾਏ ਸਮਾਗਮ ’ਚ ਵਿਦਿਆਰਥੀਆਂ ਵੱਲੋਂ ਲਾਇਆ ‘ਆਈਸ ਕਰੀਮ ਅਤੇ ਪੀਜ਼ਾ ਫੈਸਟੀਵਲ’ ਇਸ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ। ਇਹ ਉਤਪਾਦ ਕਾਲਜ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਡੇਅਰੀ ਫਾਰਮ ਵਿੱਚ ਪੈਦਾ ਕੀਤੇ ਗਏ ਦੁੱਧ ਤੋਂ ਤਿਆਰ ਕੀਤੇ ਗਏ ਸਨ। ਪੁਲੀਸ ਡੀਏਵੀ ਪਬਲਿਕ ਸਕੂਲ, ਲੁਧਿਆਣਾ ਦੇ ਵਿਦਿਆਰਥੀਆਂ ਨੇ ਵੀ ਇਸ ਮੌਕੇ ਪਲਾਂਟ ਦਾ ਦੌਰਾ ਕੀਤਾ।