ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਅਪਰੈਲ
ਇੱਥੋਂ ਦੇ ਚੌੜਾ ਬਾਜ਼ਾਰ ਵਿੱਚ ਅੱਜ ਲੱਗੇ ਟਰੈਫਿਕ ਜਾਮ ਨੂੰ ਖੁੱਲ੍ਹਵਾਉਣ ਲਈ ਪੁਲੀਸ ਨੇ ਦੁਕਾਨਾਂ ਦੇ ਬਾਹਰ ਲਾਈਆਂ ਫੜੀਆਂ ਚੁਕਵਾਉਣ ਦੀ ਕਾਰਵਾਈ ਕੀਤੀ ਜਿਸ ’ਤੇ ਕੁਝ ਦੁਕਾਨਦਾਰ ਵੀ ਆਪਸ ਵਿੱਚ ਉਲਝਦੇ ਦੇਖੇ ਗਏ। ਦੂਜੇ ਪਾਸੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਦੁਕਾਨਦਾਰਾਂ ਦੀ ਮਿਲੀਭੁਗਤ ਨਾਲ ਹੀ ਲੋਕ ਫੜੀਆਂ ਲਾਉਂਦੇ ਹਨ। ਦਰਅਸਲ, ਐਤਵਾਰ ਨੂੰ ਛੁੱਟੀ ਵਾਲਾ ਦਿਨ ਹੋਣ ਕਰਕੇ ਸ਼ਹਿਰ ਦੇ ਚੌੜਾ ਬਾਜ਼ਾਰ ਵਿੱਚ ਗਾਹਕਾਂ ਦੀ ਭੀੜ ਆਮ ਦਿਨਾਂ ਦੇ ਮੁਕਾਬਲੇ ਕਈ ਗੁਣਾਂ ਵਧ ਜਾਂਦੀ ਹੈ ਜਿਸ ਕਰਕੇ ਦੁਕਾਨਾਂ ਵਾਲੇ ਵੱਧ ਤੋਂ ਵੱਧ ਗਾਹਕਾਂ ਨੂੰ ਖਿੱਚਣ ਦੇ ਚੱਕਰ ਵਿੱਚ ਆਪਣੀਆਂ ਦੁਕਾਨਾਂ ਦੇ ਬਾਹਰ ਪੈਸੇ ਲੈ ਕੇ ਫੜੀਆਂ ਲਗਵਾ ਦਿੰਦੇ ਹਨ। ਕਈ ਦੁਕਾਨਦਾਰਾਂ ਵੱਲੋਂ ਤਾਂ ਦੁਕਾਨਾਂ ਤੋਂ ਵੀ ਵੱਧ ਜਗ੍ਹਾ ਫੜੀਆਂ ਲਗਾ ਕੇ ਘੇਰੀ ਹੋਈ ਦੇਖੀ ਜਾ ਸਕਦੀ ਹੈ। ਇਹ ਫੜੀਆਂ ਅਕਸਰ ਟਰੈਫਿਕ ਵਿੱਚ ਅੜਿੱਕਾ ਬਣ ਜਾਂਦੀਆਂ ਹਨ। ਅੱਜ-ਕੱਲ੍ਹ ਬਾਜ਼ਾਰ ਵਿੱਚ ਈ-ਰਿਕਸ਼ਿਆਂ ਦੀ ਭਰਮਾਰ ਕਾਰਨ ਵੀ ਟਰੈਫਿਕ ਜਾਮ ਹੋ ਰਿਹਾ ਹੈ ਜਿਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਕੋਤਵਾਲੀ ਪੁਲੀਸ ਵੱਲੋਂ ਸੜਕ ਦੇ ਆਲੇ-ਦੁਆਲੇ ਲਾਈਆਂ ਫੜੀਆਂ ਚੁਕਵਾਈਆਂ ਗਈਆਂ।
ਥਾਣਾ ਕੋਤਵਾਲੀ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਦੁਕਾਨਦਾਰਾਂ ਦੀ ਆਪਸ ਵਿੱਚ ਨਹੀਂ ਬਣਦੀ ਜਿਸ ਕਰਕੇ ਉਹ ਇੱਕ-ਦੂਜੇ ਵਿਰੁੱਧ ਸ਼ਿਕਾਇਤ ਕਰਦੇ ਰਹਿੰਦੇ ਹਨ। ਹਰ ਵਾਰ ਇਨ੍ਹਾਂ ਫੜੀਆਂ ਵਾਲੀਆਂ ਨੂੰ ਇੱਥੋਂ ਹਟਾਇਆ ਜਾਂਦਾ ਹੈ, ਪਰ ਦੁਕਾਨਦਾਰਾਂ ਦੀ ਕਥਿਤ ਮਿਲੀਭੁਗਤ ਨਾਲ ਫੜੀਆਂ ਦੁਬਾਰਾ ਲੱਗ ਜਾਂਦੀਆਂ ਹਨ। ਜਦੋਂ ਉਨ੍ਹਾਂ ਤੋਂ ਬਾਜ਼ਾਰ ਵਿੱਚ ਘੁੰਮਦੇ ਈ-ਰਿਕਸ਼ਿਆਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਜ਼ਾਰ ਅੰਦਰ ਜਾਣ ਤੋਂ ਰੋਕਣ ਲਈ ਨਾਕੇ ਲਾਏ ਹੋਏ ਹਨ ਪਰ ਫਿਰ ਵੀ ਕਈ ਈ-ਰਿਕਸ਼ੇ ਵਾਲੇ ਹੋਰਨਾਂ ਰਾਹਾਂ ਰਾਹੀਂ ਬਾਜ਼ਾਰ ਵਿੱਚ ਦਾਖ਼ਲ ਹੋ ਜਾਂਦੇ ਹਨ।