ਪੱਤਰ ਪ੍ਰੇਰਕ
ਜਗਰਾਉਂ, 19 ਜੁਲਾਈ
ਆਪਣੇ ਕੰਮ ਤੋਂ ਬਾਅਦ ਨੇੜਲੇ ਪਿੰਡ ਬਾਰਦੇਕੇ ਨੂੰ ਜਾ ਰਹੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਕੋਲੋਂ ਕੱਲ੍ਹ ਦੇਰ ਸ਼ਾਮ ਮੋਟਰਸਾਈਕਲ ਸਵਾਰਾਂ ਨੇ ਨਗਦੀ ਖੋਹ ਲਈ ਸੀ। ਇਸ ਮਾਮਲੇ ’ਚ ਪੁਲੀਸ ਨੇ 7 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਉਹ ਆਪਣੇ ਸਾਥੀ ਧਰਮਪ੍ਰੀਤ ਨਾਲ ਸਕੂਟਰ ’ਤੇ ਪਿੰਡ ਨੂੰ ਜਾ ਰਿਹਾ ਸੀ। ਦਿਨ ਭਰ ਦੀ ਨਗਦੀ 65 ਹਜ਼ਾਰ ਰੁਪਏ ਉਸ ਕੋਲ ਹੀ ਸਨ। ਉਹ ਜਦੋਂ ਚਚਰਾੜੀ-ਬਾਰਦੇਕੇ ਸੜਕ ’ਤੇ ਪੁੱਜੇ ਤਾਂ 6-7 ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਉਨ੍ਹਾਂ ਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ ਤੇ ਨਗਦੀ ਖੋਹ ਕੇ ਲੈ ਗਏ। ਮੁਲਜ਼ਮਾਂ ਨੇ ਕੱਪੜੇ ਨਾਲ ਮੂੰਹ ਢਕੇ ਹੋਏ ਸਨ। ਇਸ ਦੌਰਾਨ ਇੱਕ ਜਣੇ ਦੀ ਪਛਾਣ ਸਨੀ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਹਾਂਸ ਕਲਾਂ ਵਜੋਂ ਹੋਈ। ਪੁਲੀਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।