ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੂਨ
ਥਾਣਾ ਪੀਏਯੂ ਦੀ ਪੁਲੀਸ ਨੇ ਦੋ ਭਰਾਵਾਂ ਖ਼ਿਲਾਫ਼ ਇੱਕ ਵਿਅਕਤੀ ਦਾ ਲੱਖਾਂ ਰੁਪਏ ਦੇ ਮੁੱਲ ਦਾ ਪਲਾਟ ਧੋਖੇ ਨਾਲ ਹਥਿਆਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਥਰੀਕੇ ਵਾਸੀ ਕੁਲਦੀਪ ਸਿੰਘ ਦਾ 455 ਗਜ਼ ਦਾ ਪਲਾਟ ਪਿੰਡ ਥਰੀਕੇ ਵਿੱਚ ਹੈ। ਉਹ ਪਲਾਟ ਖ਼ਰੀਦਣ ਲਈ ਪੰਕਜ ਸੋਹਲ ਅਤੇ ਉਸ ਦਾ ਭਰਾ ਨਵਦੀਪ ਸਿੰਘ ਸੋਹਲ ਵਾਸੀ ਭਾਈ ਰਣਧੀਰ ਸਿੰਘ ਨਗਰ ਉਸ ਕੋਲ ਆਏ ਸਨ ਅਤੇ ਉਨ੍ਹਾਂ ਪਲਾਟ ਦੇ ਕਾਗਜ਼ ਪੱਤਰ ਦੇਖੇ ਸਨ। ਉਨ੍ਹਾਂ ਨੇ ਧੋਖਾਧੜੀ ਨਾਲ ਉਸ ਦਾ ਪਲਾਟ ਬਿਨਾਂ ਰਕਮ ਦਿੱਤੇ ਆਪਣੇ ਨਾਂ ’ਤੇ ਰਜਿਸਟਰਡ ਕਰਵਾ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਧੋਖਾਧੜੀ ਦਾ ਕੇਸ ਦਰਜ ਕਰ ਕੇ ਦੋਵਾਂ ਭਰਾਵਾਂ ਦੀ ਭਾਲ ਕੀਤੀ ਜਾ ਰਹੀ ਹੈ।