ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਫਰਵਰੀ
ਇੱਥੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਰਾਜਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਰਾਸ਼ਨ, ਬੀਬੀਆਂ ਦੇ ਸੂਟ, ਸਾੜ੍ਹੀਆਂ ਅਤੇ ਹੋਰ ਸਾਮਾਨ ਵੰਡਣ ਦੇ ਦੋਸ਼ ਤਹਿਤ ਕੇਸ ਦਰਜ ਕੀਤੇ ਹਨ।
ਥਾਣਾ ਸਦਰ ਦੀ ਪੁਲੀਸ ਨੂੰ ਰਾਂਚੀ ਕਾਲੋਨੀ (ਥਰੀਕੇ) ਵਾਸੀ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਕੁਝ ਲੋਕ ਰਾਂਚੀ ਕਲੋਨੀ ਵਿੱਚ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਵੈਦ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਸੂਟ, ਆਟਾ, ਸਾੜੀਆਂ ਅਤੇ ਹੋਰ ਸਾਮਾਨ ਵੰਡ ਰਹੇ ਸਨ। ਉਸ ਨੇ ਸਾਮਾਨ ਵੰਡ ਰਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਹੱਥੋਪਾਈ ਕਰਦਿਆਂ ਸ਼ਿਕਾਇਤਕਰਤਾ ਦਾ ਮੋਬਾਈਲ ਫੋਨ ਤਕ ਭੰਨ ਦਿੱਤਾ। ਰੌਲਾ ਪਾਉਣ ’ਤੇ ਮੁਲਜ਼ਮ ਸਾਮਾਨ ਸੁੱਟ ਕੇ ਭੱਜ ਗਏ। ਜਾਂਚ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਗਗਨਦੀਪ ਅਰੋੜਾ ਅਤੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਅਬਦੁੱਲਾਪੁਰ ਬਸਤੀ ਵਾਸੀ ਤਲਵਿੰਦਰ ਸਿੰਘ ਟੋਨੀ ਨੇ ਸ਼ਿਕਾਇਤ ਦਿੱਤੀ ਹੈ ਕਿ ਕਾਂਗਰਸ ਆਗੂ ਨਿਰਮਲ ਕੈੜਾ ਤੇ ਉਸ ਦੇ ਸਾਥੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਰਾਸ਼ਨ ਅਤੇ ਹੋਰ ਸਾਮਾਨ ਵੰਡਿਆ ਜਾ ਰਿਹਾ ਸੀ। ਜਾਂਚ ਅਧਿਕਾਰੀ ਸੁਖਦੀਪ ਸਿੰਘ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਅਨੁਸਾਰ ਨਿਰਮਲ ਕੈੜਾ, ਪੀਏ ਸੁਨੀਲ ਦੀਪ ਢਿੱਲੋਂ, ਮਨਜਿੰਦਰ ਸਿੰਘ ਭੱਲਾ ਸਣੇ ਕੁਝ ਹੋਰ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ ਹੈ। ਲੋਕ ਇਨਸਾਫ਼ ਪਾਰਟੀ ਦੇ ਯੂਥ ਵਿੰਗ ਦਾ ਆਗੂ ਕੁਲਵਿੰਦਰ ਸਿੰਘ ਜਦੋਂ ਆਪਣੇ ਦੋਸਤ ਨਾਲ ਅਨੇਜਾ ਡਿਪਾਰਟਮੈਂਟ ਸਟੋਰ ’ਤੇ ਗਿਆ ਤਾਂ ਉੱਥੇ ਵੋਟਰਾਂ ਨੂੰ ਸਾਮਾਨ ਵੰਡਿਆ ਜਾ ਰਿਹਾ ਸੀ। ਉੱਥੇ ਸੁਨੀਲ ਦੀਪ ਨੇ ਉਸ ਨਾਲ ਗਾਲੀ ਗਲੋਚ ਕਰਦਿਆਂ ਕੁੱਟਮਾਰ ਕੀਤੀ ਅਤੇ ਉਸ ਦੀ ਸੋਨੇ ਦੀ ਚੇਨ ਲਾਹ ਲਈ। ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੇ ਦੋਸਤ ਸੋਨੂੰ ਅਰੋੜਾ ਦੀ ਵੀ ਕੁੱਟਮਾਰ ਕੀਤੀ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਉਣਾ ਪਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਥਾਣਾ ਟਿੱਬਾ ਦੀ ਪੁਲੀਸ ਨੇ ਨਿਊ ਸੁਭਾਸ਼ ਨਗਰ ਵਾਸੀ ਵਿਨੋਦ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਸਐਸਟੀ ਨੰਬਰ 60 ਦੇ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਭਾਸ਼ ਨਗਰ ਸਥਿਤ ਕਰਿਆਨਾ ਦੁਕਾਨ ’ਤੇ ਵਿਨੋਦ ਕੁਮਾਰ ਵੱਲੋਂ ਵੋਟਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਪੁਲੀਸ ਨੇ ਦੁਕਾਨ ਵਿੱਚੋਂ 11 ਖਾਲੀ ਥੈਲੇ ਤੇ 1 ਥੈਲਾ ਰਾਸ਼ਨ ਨਾਲ ਭਰਿਆ ਬਰਾਮਦ ਕੀਤਾ ਹੈ। ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਵਿਨੋਦ ਕੁਮਾਰ ਮੌਕੇ ਤੋਂ ਫ਼ਰਾਰ ਹੋ ਗਿਆ।