ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 23 ਨਵੰਬਰ
ਥਾਣਾ ਸਦਰ ਦੀ ਪੁਲੀਸ ਨੇ ਇਕ ਔਰਤ ਸਮੇਤ ਪਿੰਡ ਹਥੋਆ ਦੇ ਛੇ ਵਿਅਕਤੀਆਂ ਵਿਰੁਧ ਇੱਕ ਖਾਸ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਅਧੀਨ ਕੇਸ ਦਰਜ ਕੀਤਾ ਹੈ। ਇਸ ਸਬੰਧ ਵਿੱਚ ਹਾਲੀਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਮੁਲਜ਼ਮਾਂ ਦੀ ਪਛਾਣ ਪਿੰਡ ਹਥੋਆ ਨਿਵਾਸੀ ਸੈਫੂ, ਉਸ ਦੀ ਪਤਨੀ ਫਰੀਦਾ, ਨਿੱਕਾ, ਤਾਲਬਿ, ਹਨੀਫ਼ ਅਤੇ ਸਲੀਮ ਵਜੋਂ ਕੀਤੀ ਗਈ ਹੈ। ਦਫਾ 295 ਏ ਅਧੀਨ ਦਰਜ ਪਰਚੇ ਅਨੁਸਾਰ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਨਿਵਾਸੀ ਰਾਮਪੁਰਾ ਫੂਲ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ਗਊਵੰਸ਼ ਦੇ ਬੇਸਹਾਰਾ ਅਤੇ ਅਵਾਰਾ ਪਸ਼ੂਆਂ ਨੂੰ ਫੜ ਕੇ ਉਨ੍ਹਾਂ ਦਾ ਮਾਸ ਵੇਚਣ ਦਾ ਧੰਦਾ ਕਰਦੇ ਹਨ ਅਤੇ ਜਾਨਵਰਾਂ ਦੇ ਅੰਗ ਮਾਲੇਰਕੋਟਲਾ ਖੰਨਾ ਸੜਕ ਤੋਂ ਲੰਘਦੀ ਡਰੇਨ ਨੇੜੇ ਸੁੱਟ ਦਿੰਦੇ ਹਨ ਜਿੱਥੇ ਇੱਕ ਧਾਰਮਿਕ ਅਸਥਾਨ ਵੀ ਹੈ। ਧਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਪੁਲੀਸ ਨੇ ਡਰੇਨ ਕੋਲੋਂ ਕੁੱਝ ਮ੍ਰਿਤਕ ਜਾਨਵਰਾਂ ਦੇ ਅੰਗ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਸੰਦੀਪ ਕੁਮਾਰ, ਅਨੁਰਾਗ ਵਰਮਾ ਅਤੇ ਅਰਵਿੰਦ ਗੌਤਮ ਦੀ ਅਗਵਾਈ ਵਿੱਚ ਸ਼ਿਵ ਸੈਨਾ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ 30 ਨਵੰਬਰ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।