ਪੱਤਰ ਪ੍ਰੇਰਕ
ਜਗਰਾਉਂ, 3 ਨਵੰਬਰ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਨੇ ਪਿੰਡ ਰਸੂਲਪੁਰ (ਜੰਡੀ) ਦੇ ਪੀੜਤ ਪਰਿਵਾਰ ਦੇ ਮਕਾਨ ਦੇ ਤਾਲੇ ਭੰਨ ਕੇ ਧੱਕੇ ਨਾਲ ਕਬਜ਼ਾ ਕਰਨ ਅਤੇ ਮਕਾਨ ਵਿੱਚ ਪਿਆ ਸਾਮਾਨ ਖੁਰਦ-ਬੁਰਦ ਕਰਨ ਵਾਲੇ ਪਰਿਵਾਰ ਦੇ ਮਾਂ ਸਮੇਤ ਦੋ ਪੁੱਤਰਾਂ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ । ਪੁਲੀਸ ਥਾਣਾ ਸਦਰ ਦੇ ਅਧਿਕਾਰੀ ਅਨਵਰ ਮਸੀਹ ਨੇ ਦੱਸਿਆ ਕਿ ਬਲਜਿੰਦਰ ਸਿੰਘ ਨੇ ਲਿਖਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਉਸ ਦੇ ਪਿੰਡ ਰਸੂਲਪੁਰ (ਜੰਡੀ) ਵਿੱਚ ਸਥਿਤ ਘਰ ਦੇ ਜਸਵੀਰ ਕੌਰ, ਜਗਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਉਸ ਦੀ ਗੈਰਹਾਜ਼ਰੀ ਵਿੱਚ ਤਾਲੇ ਭੰਨ ਕੇ ਸਾਰਾ ਸਾਮਾਨ ਖੁਰਦ-ਬੁਰਦ ਕਰ ਦਿੱਤਾ ਹੈ ਅਤੇ ਘਰ ’ਤੇ ਧੱਕੇ ਨਾਲ ਕਬਜ਼ਾ ਕਰ ਲਿਆ ਹੈ । ਜਦੋਂ ਬਲਜਿੰਦਰ ਸਿੰਘ ਨੇ ਆਪਣੇ ਤੌਰ ’ਤੇ ਮਕਾਨ ਖਾਲੀ ਕਰਨ ਲਈ ਅਤੇ ਸਾਮਾਨ ਬਾਰੇ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਇਸ ਸ਼ਿਕਾਇਤ ਦੀ ਪੜਤਾਲ ਡਿਵੀਜ਼ਨ ਡੀਐੱਸਪੀ ਵਿਰਕ ਵੱਲੋਂ ਕੀਤੀ ਗਈ । ਪੀੜਤ ਬਲਜਿੰਦਰ ਸਿੰਘ ਵੱਲੋਂ ਲਗਾਏ ਦੋਸ਼ ਸਾਬਤ ਹੋਣ ਉਪਰੰਤ ਤਿੰਨਾਂ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ।