ਪੱਤਰ ਪ੍ਰੇਰਕ
ਜਗਰਾਉਂ, 19 ਮਈ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਸ਼ਹਿਰੀ ਦੀ ਪੁਲੀਸ ਵੱਲੋਂ ਵੱਖ-ਵੱਖ ਤਰ੍ਹਾਂ ਦੇ ਬੀਜ ਖ਼ਰੀਦਣ ਤੋਂ ਬਾਅਦ ਪੈਸੇ ਨਾ ਦੇਣ ਵਾਲੀਆਂ ਫਰਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਓਮ ਪ੍ਰਕਾਸ਼ ਰਾਹੀਂ ਬਿਮਲ ਕਿਸ਼ੋਰ ਐਂਡ ਬ੍ਰਦਰਜ਼ ਸੀਡਸ ਨਹਿਰੂ ਮਾਰਕੀਟ ਜਗਰਾਉਂ ਨੇ ਸੀਨੀਅਰ ਪੁਲੀਸ ਕਪਤਾਨ ਨੂੰ ਲਿਖਤੀ ਤੌਰ ’ਤੇ ਦੱਸਿਆ ਕਿ ਮੋਹਿਤ ਵਿੱਗ ਰਾਹੀਂ ਮੈ/ਸ ਗੋਸ਼ੀ ਟਰੇਡਰਜ਼ ਮੋਵਈ (ਫਿਲੌਰ) ਜਲੰਧਰ ਅਤੇ ਪੰਕਜ ਕੁਮਾਰ ਵਾਸੀ ਬੇਗਮਪੁਰਾ (ਬਿਲਗਾ) ਲੁਧਿਆਣਾ ਨੇ ਉਕਤ ਕੰਪਨੀ ਤੋਂ ਵੱਖ-ਵੱਖ ਸਮੇਂ ਮੱਕੀ, ਜਵਾਰ, ਬਾਜਰਾ ਆਦਿ ਬੀਜ ਖਰੀਦੇ ਅਤੇ ਇਸ ਦੀ ਪੇਮੈਂਟ ਲਈ ਕੇਨਰਾ ਬੈਂਕ ਦੇ ਚੈੱਕ ਦੇ ਦਿੱਤੇ ਸਨ, ਪਰ ਉਨ੍ਹਾਂ ਵੱਲੋਂ ਦਿੱਤੇ ਚੈੱਕ ਬਾਊਂਸ ਹੋ ਗਏ। ਇਸੇ ਤਰ੍ਹਾਂ, ਬਿਮਲ ਕਿਸ਼ੋਰ ਐਂਡ ਬ੍ਰਦਰਜ਼ ਸੀਡਸ ਦੇ 20,93,382 ਰੁਪਏ ਫਸ ਗਏ। ਜਦੋਂ ਬਿਮਲ ਕਿਸ਼ੋਰ ਐਂਡ ਬ੍ਰਦਰਜ਼ ਸੀਡਸ ਨੇ ਉਕਤ ਫਰਮਾਂ ਤੋਂ ਪੈਸੇ ਮੰਗੇ ਤਾਂ ਉਲਟਾ ਉਨ੍ਹਾਂ ਕਥਿਤ ਤੌਰ ’ਤੇ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਇਸ ਸ਼ਿਕਾਇਤ ਦੀ ਪੜਤਾਲ ਡੀਐੱਸਪੀ (ਡੀ) ਵੱਲੋਂ ਕੀਤੀ ਗਈ, ਜਿਸ ਵਿੱਚ ਦੋਵੇਂ ਮੁਲਜ਼ਮ ਕਥਿਤ ਦੋਸ਼ੀ ਮਿਲੇ। ਜਾਂਚ ਰਿਪੋਰਟ ਨੂੰ ਅੰਤਿਮ ਰੂਪ ਦਿੰਦਿਆਂ ਸੀਨੀਅਰ ਪੁਲੀਸ ਕਪਤਾਨ ਦੀਪਕ ਹਿਲੇਰੀ ਨੇ ਦੋਵਾਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੋਵਾਂ ਨੂੰ ਹਿਰਾਸਤ ’ਚ ਲੈਣ ਲਈ ਟੀਮ ਦਾ ਗਠਨ ਕੀਤਾ ਗਿਆ ਹੈ।