ਗਗਨਦੀਪ ਅਰੋੜਾ
ਲੁਧਿਆਣਾ, 22 ਅਪਰੈਲ
ਬੁੱਢੇ ਨਾਲੇ ’ਚ ਡੇਅਰੀਆਂ ਦੇ ਸੁੱਟੇ ਜਾ ਰਹੇ ਗੰਦੇ ਪਾਣੀ ਦੇ ਮਾਮਲੇ ’ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਥਾਣਾ ਜਮਾਲਪੁਰ ਅਤੇ ਥਾਣਾ ਡਵੀਜ਼ਨ ਨੰ. 7 ਦੀ ਪੁਲੀਸ ਨੇ 30 ਲੋਕਾਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਮਾਮਲਾ ਵਾਤਾਵਰਨ ਇੰਜਨੀਅਰ ਵਰਿੰਦਰਜੀਤ ਸਿੰਘ ਦੀ ਸ਼ਿਕਾਇਤ ’ਤੇ ਸਵਰਣ ਗੁਜਰ ਡੇਅਰੀ, ਸੰਦੀਪ ਡੇਅਰੀ, ਸੋਨੂੰ ਡੇਅਰੀ, ਲਲਿਤ ਚਾਵਲਾ, ਮੰਗਾ ਡੇਅਰੀ, ਮਾਡੂ ਗੁੱਜਰ ਸੁਭਾਸ਼, ਗੋਗੀ ਗੁੱਜਰ ਡੇਅਰੀ, ਰਾਜ ਕੁਮਾਰ ਫੌਜੀ ਡੇਅਰੀ, ਸੁਰਿੰਦਰ ਰੋਮੀ ਡੇਅਰੀ, ਸਿੱਧੂ ਗੁੱਜਰ, ਰਿੰਕੂ ਡੇਅਰੀ, ਧਰਮਾ ਗੁੱਜਰ, ਮੰਗਲ ਡੇਅਰੀ, ਪ੍ਰੀਤਮ ਡੇਅਰੀ, ਰਾਜਿੰਦਰ ਸਿੱਧੂ ਡੇਅਰੀ, ਕਾਕਾ ਡੇਅਰੀ, ਰਾਕੇਸ਼ ਡੇਅਰੀ, ਅਸ਼ੋਕ ਡੇਅਰੀ ਤੇ ਗਿਆਨ ਚੰਦ ਡੇਅਰੀ ਵਾਲਿਆਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਉਧਰ, ਜਿੰਨੇ ਲੋਕਾਂ ’ਤੇ ਕੇਸ ਦਰਜ ਹੋਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਪਹਿਲਾਂ ਉਨ੍ਹਾਂ ਦੀਆਂ ਡੇਅਰੀਆਂ ਦੇ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਹੁਣ ਇਨ੍ਹਾਂ ’ਚ ਕੁਝ ਲੋਕ ਡੇਅਰੀਆਂ ਵੇਚ ਚੁੱਕੇ ਹਨ। ਫਿਰ ਵੀ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ। ਡੇਅਰੀ ਵਾਲਿਆਂ ਦਾ ਕਹਿਣਾ ਹੈ ਕਿ ਗੰਦਾ ਪਾਣੀ ਇਕੱਲੇ ਤਾਜਪੁਰ ਡੇਅਰੀਆਂ ’ਚੋਂ ਨਹੀਂ ਜਾਂਦਾ, ਬਲਕਿ ਡਾਇੰਗਾਂ ਦਾ ਪਾਣੀ ਵੀ ਨਾਲੇ ’ਚ ਜਾਂਦਾ ਹੈ। ਹੈਬੋਵਾਲ ਡੇਅਰੀਆਂ ਵੀ ਹਨ, ਜਿੰਨ੍ਹਾਂ ਦਾ ਪਾਣੀ ਵੀ ਨਾਲੇ ’ਚ ਜਾਂਦਾ ਹੈ ਪਰ ਪ੍ਰਦੂਸ਼ਣ ਕੰਟਰੋਲ ਬੋਰਡ ਉਥੇਂ ਕੋਈ ਕਾਰਵਾਈ ਕੋਈ ਨਹੀਂ ਕਰਦਾ।