ਨਿੱਜੀ ਪੱਤਰ ਪੇਰਕ
ਲੁਧਿਆਣਾ, 17 ਸਤੰਬਰ
ਥਾਣਾ ਡਾਬਾ ਦੀ ਪੁਲੀਸ ਨੇ 11 ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਜਿਨ੍ਹਾਂ ਉਪਰ ਇੱਕ ਨਾਬਾਲਗ ਲੜਕੀ ਦਾ ਵਿਆਹ ਕਰਨ ਉਪਰੰਤ ਉਸ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਹੈ। ਇਸ ਸਬੰਧੀ ਨਿਊ ਸੁੰਦਰ ਨਗਰ ਵਾਸੀ ਪਿੰਕੀ ਪੁੱਤਰੀ ਗੁਰਮੇਲ ਸਿੰਘ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸ ਦੀ ਸ਼ਾਦੀ ਡਾਬਾ ਵਾਸੀ ਬਿੱਟੂ ਸਿੰਘ ਨਾਲ ਹੋਈ ਸੀ ਪਰ ਉਹ ਘਰੇਲੂ ਝਗੜੇ ਕਾਰਨ ਬਿੱਟੂ ਸਿੰਘ ਤੋਂ ਵੱਖ ਰਹਿ ਰਹੀ ਹੈ ਉਸ ਦੀ ਪੌਣੇ ਚੌਦਾਂ ਸਾਲ ਦੀ ਲੜਕੀ ਜੋਤੀ ਉਸ ਦੇ ਪਤੀ ਬਿੱਟੂ ਸਿੰਘ ਨਾਲ ਰਹਿ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਬਿੱਟੂ ਸਿੰਘ ਨੇ ਨਾਬਾਲਗ ਲੜਕੀ ਜੋਤੀ ਦੀ ਸ਼ਾਦੀ 12 ਜੁਲਾਈ 2020 ਨੂੰ ਜਬਰੀ ਪਰਮਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਆਲੀਵਾਲ ਨਾਲ ਕਰ ਦਿੱਤੀ। ਉਸ ਨੇ ਦੱਸਿਆ ਕਿ ਸ਼ਾਦੀ ਤੋਂ ਬਾਅਦ ਬੱਚੀ ਨੂੰ ਸਹੁਰੇ ਘਰ ਪ੍ਰੇਸ਼ਾਨ ਕੀਤਾ ਜਾਣ ਲੱਗਾ। ਉਸ ਦੇ ਪਤੀ ਪਰਮਜੀਤ ਸਿੰਘ, ਜੇਠ ਰਵੀ, ਜੀਜਾ ਜੱਗੀ ਅਤੇ ਹੋਰ ਰਿਸ਼ਤੇਦਾਰਾਂ ਸੋਮਾ ਅਤੇ ਜੋਤੀ ਉਸ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਦੇ ਸਨ ਅਤੇ ਮਰਦ ਮੈਂਬਰਾਂ ਵੱਲੋਂ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਅਤੇ ਜਬਰੀ ਸਬੰਧ ਕਾਇਮ ਕੀਤੇ ਗਏ। ਜਾਂਚ ਅਧਿਕਾਰੀ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਬਿੱਟੂ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਕੌਰ ਜੱਸੀ, ਚਰਨੋਂ ਜਸਵਿੰਦਰ ਕੌਰ, ਪ੍ਰੀਆ, ਪ੍ਰੀਤੀ, ਕਿੰਦਰ, ਰਵੀ, ਜੱਗੀ ਅਤੇ ਸੋਮਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।