ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜੁਲਾਈ
ਵੱਖ ਵੱਖ ਇਲਾਕਿਆਂ ਵਿੱਚ ਵਿਆਹ ਦੀ ਨੀਅਤ ਨਾਲ ਤਿੰਨ ਲੜਕੀਆਂ ਨੂੰ ਵਰਗਲਾ ਕੇ ਲਿਜਾਣ ਬਾਰੇ ਸੂਚਨਾ ਮਿਲੀ ਹੈ। ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲੀਸ ਨੂੰ ਜਨਕਪੁਰੀ ਵਾਸੀ ਪੰਕਜ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਪਲਵੀ (13 ਸਾਲ) ਸਵੇਰੇ ਘਰੋਂ ਕਿਧਰੇ ਚਲੀ ਗਈ ਸੀ। ਭਾਲ ਦੌਰਾਨ ਪਤਾ ਲੱਗਾ ਹੈ ਕਿ ਉਸ ਨੂੰ ਵਿਸ਼ਵਕਰਮਾ ਨਗਰ ਤਾਜਪੁਰ ਰੋਡ ਵਾਸੀ ਦੀਪੂ ਸ਼ਰਮਾ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਗੁਰੂ ਰਾਮਦਾਸ ਨਗਰ ਮੱਕੜ ਕਾਲੋਨੀ ਢੰਡਾਰੀ ਕਲਾਂ ਵਾਸੀ ਹਰਪਾਲ ਚੌਹਾਨ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਅੰਸ਼ੂ ਚੌਹਾਨ (20 ਸਾਲ) ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਭਾਲ ਦੌਰਾਨ ਪਤਾ ਲੱਗਾ ਹੈ ਕਿ ਉਸ ਨੂੰ ਗਿਆਸਪੁਰਾ ਵਾਸੀ ਨਿਸ਼ਾਨ ਅਲੀ ਆਪਣੀ ਮਾਤਾ ਦੀ ਮਿਲੀਭੁਗਤ ਨਾਲ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਲੈ ਗਿਆ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਸਰਕਾਰੀ ਸਕੂਲ ਕੁਹਾੜਾ ਨੇੜੇ ਰਹਿੰਦੇ ਧਰੀ ਚੰਦ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਸੁਲੇਖਾ (16 ਸਾਲ) ਬਿਨਾਂ ਦੱਸੇ ਘਰੋਂ ਕਿਧਰੇ ਚਲੀ ਗਈ ਹੈ। ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਉਸ ਨੂੰ ਸੁੰਦਰ ਕੁਮਾਰ ਵਾਸੀ ਛੱਪਰਾ (ਬਿਹਾਰ) ਵਿਆਹ ਦੀ ਨੀਅਤ ਨਾਲ ਵਰਗਲਾ ਕੇ ਲੈ ਗਿਆ ਹੈ। ਪੁਲੀਸ ਵਲੋਂ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।