ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਜੂਨ
ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਦੋ ਔਰਤਾਂ ਸਮੇਤ ਪੰਜ ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਨਤਾ ਨਗਰ ਵਾਸੀ ਜਗਰੂਪ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਇੰਜਣ ਪੁਰਜ਼ੇ ਬਣਾਉਣ ਦਾ ਕਾਰਖਾਨਾ ਹੈ। ਹਰਜੋਤ ਸਿੰਘ ਤੇ ਉਸ ਦਾ ਭਰਾ ਪ੍ਰਭਜੋਤ ਸਿੰਘ ਉਸ ਦਾ ਕੰਮ ਦੇਖਦੇ ਸਨ। 2014 ਨੂੰ ਦੋਹਾਂ ਨੇ ਫੈਕਟਰੀ ਵਿੱਚ ਬਣੇ ਉਸ ਦੇ ਦਫ਼ਤਰ ਵਿੱਚ ਆ ਕੇ ਪਿਸਤੌਲ ਕੱਢ ਲਿਆ ਅਤੇ ਉਸ ਕੋਲੋਂ ਜਬਰੀ 2 ਲੱਖ ਰੁਪਏ ਲੈ ਗਏ। ਇਸ ਦੌਰਾਨ ਉਹ ਬਲੈਕਮੇਲ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਰਹੇ। ਪਿਛਲੇ ਦਿਨੀਂ ਹਰਜੋਤ ਸਿੰਘ ਦੀ ਪਤਨੀ ਨੇ ਵੀ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 4 ਲੱਖ ਰੁਪਏ ਦੀ ਹੋਰ ਮੰਗ ਕੀਤੀ ਪਰ ਉਸ ਵੱਲੋਂ ਨਾਂਹ ਕਰਨ ਤੇ ਉਸ ਨੂੰ ਧਮਕੀਆਂ ਦੇ ਕੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜਾਂਚ ਉਪਰੰਤ ਸ਼ਿਮਲਾਪੁਰੀ ਵਾਸੀ ਹਰਜੋਤ ਸਿੰਘ, ਉਸ ਦੇ ਭਰਾ ਪ੍ਰਭਜੋਤ ਸਿੰਘ, ਹਰਜੋਤ ਸਿੰਘ ਦੀ ਪਤਨੀ ਰੁਪਿੰਦਰ ਕੌਰ, ਪ੍ਰਭਜੋਤ ਸਿੰਘ ਦੀ ਪਤਨੀ ਗਗਨਪ੍ਰੀਤ ਕੌਰ ਅਤੇ ਪ੍ਰਭਜੋਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਗੁਰੂ ਅੰਗਦ ਦੇਵ ਨਗਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।