ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ 22 ਜੁੂਨ
ਸਦਰ ਥਾਣਾ ਅਹਿਮਦਗੜ੍ਹ ਪੁਲੀਸ ਨੇ ਲੰਘੇ ਦਿਨੀਂ ਜਸਵਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਭੋਗੀਵਾਲ ਦੇ ਇੱਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਸੀ। ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰ ਨੇ ਪੁਲੀਸ ਅਫ਼ਸਰਾਂ ਦੇ ਦਫਤਰਾਂ ਦੇ ਚੱਕਰ ਕੱਟਣ ਤੋਂ ਬਾਅਦ ਹਲਕਾ ਪਾਇਲ ਤੋਂ ‘ਆਪ’ ਵਿਧਾਇਕ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਕੋਲ ਪਹੁੰਚ ਕੀਤੀ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਕੁੱਪ ਕਲਾਂ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ, ਜਿਸ ਨੂੰ ਉਸਦੇ ਸਾਥੀ ਸਣੇ ਨਸ਼ਾ ਛੁਡਾਊ ਕੇਂਦਰ ਦੇ ਮੈਨੇਜਰ ਵੱਲੋਂ ਤਿੰਨ ਲੱਖ ਰੁਪਏ ਅਤੇ ਕਾਰ ਦੇ ਕੇ ਸਮਾਣਾ ਤੋਂ ਦਵਾਈਆਂ ਲੈਣ ਲਈ ਭੇਜਿਆ ਗਿਆ ਸੀ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ।
ਵਿਧਾਇਕ ਗਿਆਸਪੁਰਾ ਨੇ ਐੱਫਆਈਆਰ ਪੜ੍ਹਨ ਮਗਰੋਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਤਾੜਨਾ ਕੀਤੀ ਕਿ ਪੁਲੀਸ ਨੇ ਅਸਲ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗਿਆਸਪੁਰਾ ਨੇ ਪੁਲੀਸ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕੁੱਪ ਕਲਾਂ ਵਿੱਚ ਨਸ਼ਾ ਛਡਾਊ ਕੇਂਦਰ ਚਲਾਉਣ ਵਾਲੇ ਸਬੰਧਤ ਵਿਅਕਤੀ ਅਤੇ ਮੈਨੇਜਰ ਜੇਕਰ ਕਥਿਤ ਦੋਸ਼ੀ ਨਹੀਂ ਹਨ ਤਾਂ ਉਨ੍ਹਾਂ ਵੱਲੋਂ ਨਸ਼ਾ ਛਡਾਊ ਕੇਂਦਰ ਬੰਦ ਕਿਉਂ ਕੀਤਾ ਗਿਆ ਹੈ? ਪੁਲੀਸ ਵੱਲੋਂ ਨਸ਼ਾ ਛਡਾਊ ਕੇਂਦਰ ਤੇ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਪਰ ਥਾਣਾ ਅਹਿਮਦਗੜ੍ਹ ਪੁਲੀਸ ਨੇ ਇਕ ਨੌਜਵਾਨ ਨੂੰ ਹੀ ਦੋਸ਼ੀ ਬਣਾ ਬਾਕੀ ਜਾਂਚ ਤੋਂ ਆਪਣਾ ਪੱਲਾ ਛੁਡਾ ਲਿਆ ਹੈ ਜਦਕਿ ਨਸ਼ਾ ਛੁਡਾਊ ਕੇਂਦਰ ਦੇ ਸਬੰਧਤ ਮਾਲਕ ਡਾਕਟਰਾਂ ਦੀਆਂ ਚਾਰ ਤੋਂ ਪੰਜ ਹੋਰ ਵੱਖ-ਵੱਖ ਬ੍ਰਾਂਚਾਂ ਮੁਹਾਲੀ, ਦਿੜਬਾ ਅਤੇ ਸਮਾਣਾ ਵਿਖੇ ਚੱਲ ਰਹੀਆਂ ਹਨ। ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਜੇਕਰ ਪੁਲੀਸ ਵੱਲੋਂ ਪਰਿਵਾਰ ਨੂੰ ਜਲਦ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਇਸ ਮਾਮਲੇ ਨੂੰ ਵਿਧਾਨ ਸਭਾ ਵਿੱਚ ਰੱਖਣਗੇ।