ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 27 ਸਤੰਬਰ
ਥਾਣਾ ਸੁਧਾਰ ਦੀ ਪੁਲੀਸ ਨੇ ਰਾਏਕੋਟ ਨਗਰ ਕੌਂਸਲ ਦੇ ਕੌਂਸਲਰ ਅਤੇ ਕਾਂਗਰਸੀ ਆਗੂ ਕਮਲਜੀਤ ਵਰਮਾ, ਉਸ ਦੇ ਪੁੱਤਰ ਕਪਿਲ ਵਰਮਾ, ਜਲਾਲਦੀਵਾਲ ਵਾਸੀ ਧਰਮਿੰਦਰ ਸਿੰਘ ਉਰਫ਼ ਦੀਪਾ ਸਣੇ ਹੋਰ ਕਈ ਅਣਪਛਾਤਿਆਂ ਵਿਰੁੱਧ ਅਕਾਲਗੜ੍ਹ ਵਾਸੀ ਸਾਬਕਾ ਸਰਪੰਚ ਰਣਜੀਤ ਕੌੜਾ ਦੀ ਸ਼ਿਕਾਇਤ ’ਤੇ ਜ਼ਮੀਨ ਉੱਪਰ ਕਬਜ਼ੇ ਦੀ ਕੋਸ਼ਿਸ਼ ਅਤੇ ਲੱਖਾਂ ਰੁਪਏ ਦੀ ਫ਼ਸਲ ਤਬਾਹ ਕਰਨ ਦੇ ਮਾਮਲੇ ਵਿਚ ਅਪਰਾਧਕ ਕੇਸ ਦਰਜ ਕੀਤਾ ਹੈ। ਉਪ ਪੁਲੀਸ ਕਪਤਾਨ ਦਾਖਾ ਜਸ਼ਨਦੀਪ ਸਿੰਘ ਗਿੱਲ ਵੱਲੋਂ ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਬਾਅਦ ਥਾਣਾ ਸੁਧਾਰ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਰਣਜੀਤ ਕੌੜਾ ਸਾਬਕਾ ਸਰਪੰਚ ਪਿੰਡ ਅਕਾਲਗੜ੍ਹ ਵੱਲੋਂ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਛੇ ਜੁਲਾਈ ਨੂੰ ਮੁਲਜ਼ਮਾਂ ਨੇ ਕਈ ਅਣਪਛਾਤਿਆਂ ਸਣੇ ਟਰੈਕਟਰਾਂ ਅਤੇ ਗੱਡੀਆਂ ਸਮੇਤ ਉਸ ਦੀ ਮਾਲਕੀ ਵਾਲੀ ਜ਼ਮੀਨ ਵਿਚ ਧਾਵਾ ਬੋਲਿਆ ਸੀ। ਇਸ ਸ਼ਿਕਾਇਤ ਦੀ ਪੜਤਾਲ ਉਪ ਪੁਲੀਸ ਕਪਤਾਨ ਦਾਖਾ ਜਸ਼ਨਦੀਪ ਸਿੰਘ ਗਿੱਲ ਵੱਲੋਂ ਕੀਤੀ ਗਈ, ਦੋਸ਼ਾਂ ਦੀ ਪੁਸ਼ਟੀ ਬਾਅਦ ਇਹ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਫ਼ਸਰ ਸਬ-ਇੰਸਪੈਕਟਰ ਸ਼ਰਨਜੀਤ ਸਿੰਘ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਨੂੰਨੀ ਪ੍ਰਕਿਰਿਆ ਜਲਦ ਪੂਰੀ ਕੀਤੀ ਜਾਵੇਗੀ।
ਉੱਧਰ, ਕਾਂਗਰਸੀ ਕੌਂਸਲਰ ਕਮਲਜੀਤ ਵਰਮਾ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਜ਼ਮੀਨ ਦੇ ਮਾਲਕ ਹਨ ਤੇ ਰਾਜਨੀਤਿਕ ਬਦਲਾਖੋਰੀ ਕਾਰਨ ਇਹ ਕੇਸ ਦਰਜ ਕੀਤਾ ਗਿਆ ਹੈ।