ਪੱਤਰ ਪ੍ਰੇਰਕ
ਸਮਰਾਲਾ, 7 ਮਾਰਚ
ਥਾਣਾ ਸਮਰਾਲਾ ਵਿਚ ਦਰਜ ਦਹੇਜ ਦੇ ਮਾਮਲੇ ’ਚ ਫ਼ਰਾਰ ਸਹੁਰੇ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਸਥਾਨਕ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ ਜਦੋਂਕਿ ਪਤੀ ਅਤੇ ਸੱਸ ਦੀ ਭਾਲ ਜਾਰੀ ਹੈ।
ਥਾਣਾ ਮੁਖੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਰਵਨੀਤ ਕੌਰ ਵਾਸੀ ਪਿੰਡ ਕੋਟਾਲਾ ਪੁਲੀਸ ਕੋਲ ਉਸ ਦੇ ਸਹੁਰੇ ਪਰਿਵਾਰ ’ਤੇ ਦਾਜ ਮੰਗ ਦੀ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਸੀ ਕਿ ਉਸ ਦਾ ਵਿਆਹ 25 ਫਰਵਰੀ 2019 ਨੂੰ ਅਮਨਦੀਪ ਸਿੰਘ ਵਾਸੀ ਪਿੰਡ ਰਾਣੋਂ ਨਾਲ਼ ਹੋਇਆ ਸੀ। ਉਸ ਦੇ ਸਹੁਰਾ ਪਰਿਵਾਰ ਨੇ ਵਿਆਹ ਤੋਂ ਪਹਿਲਾਂ ਹੀ ਸ਼ਗਨ ਦੇ ਰੂਪ ਵਿਚ ਲੱਖਾਂ ਰੁਪਏ ਖ਼ਰਚ ਕਰਵਾ ਲਏ ਸਨ। ਵਿਆਹ ਮੌਕੇ ਬਾਕੀ ਦਹੇਜ ਤੋਂ ਇਲਾਵਾ ਅਠਾਰਾਂ ਲੱਖ ਰੁਪਏ ਦੀ ਨਗਦ ਦੀ ਮੰਗ ਕੀਤੀ ਗਈ ਸੀ। ਪੀੜਤਾ ਦਾ ਦੋਸ਼ ਹੈ ਕਿ ਵਿਆਹ ਤੋਂ ਚਾਰ ਮਹੀਨੇ ਬਾਅਦ ਹੀ ਸਹੁਰਾ ਪਰਿਵਾਰ ਉਸ ਤੋਂ ਉਸ ਦੀ ਨੌਕਰੀ ਦੀ ਪਿਛਲੇ ਦੋ ਸਾਲ ਦੀ ਤਨਖ਼ਾਹ ਤੇ ਗੱਡੀ ਲਈ ਘਟਦੇ ਦੋ ਲੱਖ ਰੁਪਏ ਮੰਗਣ ਲੱਗੇ ਸਨ। ਕੇਸ ਦਰਜ ਹੋਣ ’ਤੇ ਸਾਰਾ ਪਰਿਵਾਰ ਫ਼ਰਾਰ ਹੋ ਗਏ ਸਨ। ਪੁਲੀਸ ਨੇ ਪੀੜਤ ਦੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ।