ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਸਤੰਬਰ
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਕਈ ਲੋਕਾਂ ਖ਼ਿਲਾਫ਼ ਠੇਕੇ ਦੀ ਭੰਨਤੋੜ ਕਰਨ ਅਤੇ ਸੜਕੀ ਆਵਾਜਾਈ ਠੱਪ ਕਰਕੇ ਸਰਕਾਰੀ ਡਿਊਟੀ ਵਿੱਚ ਵਿੱਘਣ ਪਾਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਥਾਣੇਦਾਰ ਚਰਨ ਸਿੰਘ ਨੇ ਦੱਸਿਆ ਹੈ ਕਿ ਗਿਆਨ ਸਿੰਘ ਰਾੜੇਵਾਲਾ ਮਾਰਕੀਟ ਪ੍ਰੀਤ ਪੈਲੇਸ ਵਾਸੀ ਰਾਕੇਸ਼ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਲਾਡੋਵਾਲ ਗਰੁੱਪ ਐਕਸਾਈਜ਼ ਕੰਪਨੀ ਵਿੱਚ ਬਤੌਰ ਇੰਚਾਰਜ ਕੰਮ ਕਰਦਾ ਹੈ। ਕੰਪਨੀ ਵੱਲੋਂ ਪਿੰਡ ਭੱਟੀਆਂ ਦੀ ਮਾਰਕੀਟ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ। ਹਜ਼ੂਮ ਨੇ ਸ਼ਰਾਬ ਠੇਕੇ ਦੀ ਵਿਕਰੀ ਬੰਦ ਕਰਵਾਉਣ ਲਈ ਠੇਕੇ ਸਾਹਮਣੇ ਸੜਕ ਉਪਰ ਧਰਨਾ ਦੇ ਕੇ ਸੜਕੀ ਆਵਾਜਾਈ ਠੱਪ ਕੀਤੀ। ਇਸ ਦੌਰਾਨ 12 ਕੁ ਔਰਤਾਂ ਸਮੇਤ 50-55 ਜਣਿਆਂ ਨੇ ਠੇਕੇ ਉੱਪਰ ਹਮਲਾ ਕਰ ਦਿੱਤਾ ਅਤੇ ਠੇਕੇ ਅੰਦਰ ਵੜ ਕੇ ਫਰਿੱਜ ਅਤੇ ਕਾਊਂਟਰ ਦੀ ਭੰਨਤੋੜ ਕਰਦਿਆਂ ਕਰਿੰਦੇ ਨਾਲ ਕੁੱਟਮਾਰ ਕੀਤੀ। ਮੌਕੇ ’ਤੇ ਆਏ ਐਕਸਾਈਜ਼ ਇੰਸਪੈਕਟਰ ਹਰਜਿੰਦਰ ਸਿੰਘ ਨੇ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉਸ ਨਾਲ ਵੀ ਖਿੱਚ ਧੂਹ ਕਰਕੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਥਾਣੇਦਾਰ ਚਰਨ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਪਰਮਿੰਦਰ ਕੁਮਾਰ, ਰਾਜ ਕੁਮਾਰ ਭਾਟੀਆ, ਹਰਵਿੰਦਰ ਕੁਮਾਰ, ਕਾਲਾ ਲਾਹੌਰੀਆ ਸਮੇਤ 12 ਔਰਤਾਂ ਅਤੇ 50-55 ਹੋਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।