ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਸਤੰਬਰ
ਸਨਅਤੀ ਸ਼ਹਿਰ ਦੇ ਥਾਣਾ ਡਵੀਜ਼ਨ ਨੰਬਰ 3 ਅਧੀਨ ਪੈਂਦੇ ਇਲਾਕੇ ਵਿੱਚ ਲਗਾਤਾਰ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਅਜੇ ਕੁਝ ਦਿਨ ਪਹਿਲਾਂ ਚੱਲੀ ਗੋਲੀ ਦਾ ਮਾਮਲਾ ਵੀ ਨਹੀਂ ਸੁਲਝਿਆ ਸੀ ਕਿ ਇਸੇ ਇਲਾਕੇ ਦੇ ਪਾਰਕ ਵਿੱਚ ਕਾਰਤੂਸਾਂ ਦੇ ਖੋਲ ਮਿਲੇ ਹਨ। ਇਹ ਪਾਰਕ ਆਰਐੱਸਐੱਸ ਸ਼ਾਖਾ ਦੇ ਨਾਲ ਲੱਗਦਾ ਹੈ ਅਤੇ ਇੱਥੇ ਸਾਲ 2016 ਵਿੱਚ ਆਰਐੱਸਐੱਸ ਵਰਕਰ ’ਤੇ ਗੋਲੀਆਂ ਚਲਾਈਆਂ ਗਈਆਂ ਸਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਸਫ਼ਾਈ ਕਰ ਰਹੇ ਆਰਐੱਸਐੱਸ ਦੇ ਵਰਕਰਾਂ ਨੂੰ ਪਾਰਕ ਵਿੱਚੋਂ ਕਾਰਤੂਸਾਂ ਦੇ ਖੋਲ ਮਿਲੀ। ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਮੌਕੇ ’ਤੇ ਪੁੱਜੇ ਏਸੀਪੀ ਰਮਨਦੀਪ ਸਿੰਘ ਭੁੱਲਰ ਅਤੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਨੇ ਖੋਲ ਕਬਜ਼ੇ ਵਿੱਚ ਲੈਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਮਾਮਲੇ ਦਾ ਪਤਾ ਲਗਾਉਣ ਲਈ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਘਾਲ ਰਹੀ ਹੈ। ਇਲਾਕੇ ਵਾਸੀਆਂ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਪਾਰਕ ਵਿੱਚੋਂ ਹੁੱਲੜਬਾਜ਼ੀ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਅਤੇ 1-2 ਵਾਰ ਪਟਾਕੇ ਚੱਲਣ ਦੀ ਆਵਾਜ਼ ਵੀ ਸੁਣਾਈ ਦਿੱਤੀ। ਅੱਜ ਸਵੇਰੇ ਜਦੋਂ ਉਹ ਆਰਐੱਸਐੱਸ ਦੀ ਕਲਾਸ ’ਤੇ ਪੁੱਜੇ ਤਾਂ ਉਨ੍ਹਾਂ ਕਲਾਸ ਸਥਾਨ ਦੀ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ। ਸਫ਼ਾਈ ਦੌਰਾਨ ਉਸੇ ਪਾਰਕ ’ਚੋਂ ਤਿੰਨ ਕਾਰਤੂਸਾਂ ਦੇ ਖੋਲ ਬਰਾਮਦ ਹੋਏ। ਲੋਕਾਂ ਅਨੁਸਾਰ ਪੁਲੀਸ ਦੀ ਇਲਾਕੇ ’ਚ ਕਿਤੇ ਗਸ਼ਤ ਨਹੀਂ ਹੈ। ਰੋਜ਼ਾਨਾ ਪੂਰਾ ਪੂਰਾ ਦਿਨ ਪਾਰਕ ’ਚ ਬਿਨਾਂ ਕਿਸੇ ਕਾਰਨ ਤੋਂ ਨੌਜਵਾਨ ਬੈਠੇ ਰਹਿੰਦੇ ਹਨ।
ਪਾਰਕ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ
ਅੱਜ ਸਵੇਰੇ ਪੁਲੀਸ ਨੂੰ ਜਾਂਚ ਦੌਰਾਨ ਪਾਰਕ ਵਿੱਚੋਂ ਇੱਕ ਕੇਕ ਅਤੇ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਪਾਰਕ ਵਿੱਚੋ ਮਿਲੇ ਕੇਕ ਦੇ ਡੱਬੇ ’ਤੇ ਦੁਕਾਨ ਦਾ ਪਤਾ ਲਿਖਿਆ ਹੋਇਆ ਹੈ ਅਤੇ ਨਾਲ ਹੀ ਦੁਕਾਨ ਦਾ ਕਾਰਡ ਵੀ ਬਰਾਮਦ ਹੋਇਆ ਹੈ। ਪੁਲੀਸ ਦੁਕਾਨਦਾਰ ਤੋਂ ਵੀ ਪੁੱਛ ਪੜਤਾਲ ਕਰ ਰਹੀ ਹੈ ਅਤੇ ਦੁਕਾਨ ਦੀ ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ। ਮੌਕੇ ’ਤੇ ਡਾਗ ਸੁਕੈਅਡ ਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਪੁੱਜੀ। ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਜਾਂਚ ਮਗਰੋਂ ਹੀ ਮਾਮਲਾ ਸਪੱਸ਼ਟ ਹੋਵੇਗਾ।