ਜਗਰਾਉਂ (ਪੱਤਰ ਪ੍ਰੇਰਕ): ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਇੱਕ ਲਾਵਾਰਿਸ ਗਾਂ ਕਾਰ ਦੇ ਅੱਗੇ ਆਉਣ ਨਾਲ ਪਤੀ-ਪਤਨੀ ਵਾਲ-ਵਾਲ ਬਚੇ ਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਜੰਡੀ (ਰਸੂਲਪੁਰ) ਦੇ ਕੇਵਲ ਸਿੰਘ ਅਤੇ ਉਸਦੀ ਪਤਨੀ ਕੁਲਵਿੰਦਰ ਕੌਰ ਆਪਣੀ ਗੱਡੀ ਪੀ.ਬੀ.10 ਡੀ.ਕਿਊ 0257 ਰਾਹੀਂ ਮੋਗੇ ਤੋਂ ਆ ਰਹੇ ਸਨ। ਮੁੱਖ ਮਾਰਗ ’ਤੇ ਰਚਨਾ ਰਿਜ਼ੋਰਟ ਦੇ ਨੇੜੇ ਫੁੱਟ ਪਾਥ ਵਿੱਚੋਂ ਨਿਕਲੀ ਇੱਕ ਲਾਵਾਰਸ ਗਾਂ ਅਚਾਨਕ ਕਾਰ ਦੇ ਬੌਨਟ ਉਪਰ ਦੀ ਹੋ ਕੇ ਸ਼ੀਸੇ ’ਤੇ ਜਾ ਡਿੱਗੀ ਤੇ ਕਾਰ ਬੇਕਾਬੂ ਹੋ ਕੇ ਖਤਾਨਾਂ ਵੱਲ ਨੂੰ ਚਲੀ ਗਈ। ਰਾਹਗੀਰਾਂ ਨੇ ਦੋਵਾਂ ਪਤੀ ਪਤਨੀ ਨੂੰ ਸੁਰੱਖਿਅਤ ਬਾਹਰ ਕੱਢਿਆ ਪਰ ਕਾਰ ਦਾ ਬਹੁਤ ਨੁਕਸਾਨ ਹੋ ਗਿਆ। ਸੂਚਨਾ ਮਿਲਣ ’ਤੇ ਉਨ੍ਹਾਂ ਦੇ ਰਿਸ਼ਤੇਦਾਰ ਘਟਨਾ ਸਥਾਨ ’ਤੇ ਪਹੁੰਚ ਗਏ। ਉਨ੍ਹਾਂ ਨੂੰ ਲੱਗੀਆਂ ਥੋੜੀਆਂ ਬਹੁਤ ਸੱਟਾਂ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ।