ਲੁਧਿਆਣਾ: ਪਿਛਲੇ ਕੁੱਝ ਦਿਨਾਂ ਦੌਰਾਨ ਬਸੰਤ ਐਵੀਨਿਊ ਅਤੇ ਕੁੱਝ ਹੋਰ ਇਲਾਕਿਆਂ ਵਿੱਚ ਅੱਧੀ ਦਰਜਨ ਦੇ ਕਰੀਬ ਕਾਰ ਬੈਟਰੀਆਂ ਚੋਰੀ ਹੋਈਆਂ ਹਨ। ਬੈਟਰੀ ਚੋਰੀ ਦੀਆਂ ਘਟਨਾਵਾਂ ਦੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖਣ ਤੇ ਪਤਾ ਲੱਗਾ ਹੈ ਕਿ ਇਹ ਸਾਰੀਆਂ ਵਾਰਦਾਤਾਂ ਇੱਕ ਹੀ ਮੋਟਰਸਾਈਕਲ ਸਵਾਰ ਨੌਜਵਾਨ ਵੱਲੋਂ ਕੀਤੀ ਗਈਆਂ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਵਿੱਚ ਮੋਟਰਸਾਈਕਲ ਸਵਾਰ ਸਿੱਖ ਨੌਜਵਾਨ ਨੇ ਸਿਰ ਉਪਰ ਪਰਨਾ ਬੰਨਿਆ ਹੋਇਆ ਹੈ। ਇਸੇ ਤਰ੍ਹਾਂ ਫੁੱਲਾਂਵਾਲ ਦੇ ਨਾਲ ਲੱਗਦੀ ਬਸੰਤ ਵਾਟਿਕਾ ਕਾਲੋਨੀ ਵਿੱਚ ਵੀ ਦੁਪਹਿਰ ਸਮੇਂ ਇੱਕ ਮੋਟਰਸਾਈਕਲ ਸਵਾਰ ਘਰ ਬਾਹਰ ਖੜ੍ਹੀ ਕਾਰ ਦੀ ਦਿਨ ਦਿਹਾੜੇ ਬੈਟਰੀ ਚੋਰੀ ਕਰਕੇ ਲੈ ਗਿਆ ਹੈ। ਇਸੇ ਤਰ੍ਹਾਂ ਪੱਖੋਵਾਲ ਰੋਡ ਸਥਿਤ ਕੁੱਝ ਕਲੋਨੀਆਂ ਵਿਚੋਂ ਵੀ ਕਾਰਾਂ ਦੀਆਂ ਬੈਟਰੀਆਂ ਚੋਰੀ ਹੋਣ ਦੀ ਸੂਚਨਾ ਮਿਲੀ ਹੈ। -ਨਿੱਜੀ ਪੱਤਰ ਪ੍ਰੇਰਕ