ਪੱਤਰ ਪ੍ਰੇਰਕ
ਰਾਏਕੋਟ, 19 ਅਗਸਤ
ਪੰਜਾਬ ਸਰਕਾਰ ਵੱਲੋਂ ‘ਕੈਪਟਨ ਸਮਾਰਟ ਕੁਨੈਕਟ ਸਕੀਮ’ ਤਹਿਤ ਸੂਬੇ ਦੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਫੋਨ ਦੇਣੇ ਸ਼ੁਰੂ ਕੀਤੇ ਗਏ ਹਨ। ਇਸੇ ਲੜੀ ਤਹਿਤ ਅੱਜ ਸਥਾਨਕ ਭਗਵਾਨ ਮਹਾਵੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੰਸਦ ਮੈਂਬਰ ਡਾ. ਅਮਰ ਸਿੰਘ ਵੱਲੋਂ ਫੋਨ ਦੇ ਕੇ ਹਲਕੇ ਵਿੱਚ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਐੱਸਡੀਐੱਮ ਡਾ. ਹਿਮਾਂਸ਼ੂ ਗੁਪਤਾ ਅਤੇ ਯੂਥ ਆਗੂ ਕਾਮਿਲ ਬੋਪਾਰਾਏ ਵੀ ਮੌਜੂਦ ਸਨ। ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਉਪਰੰਤ ਡਾ. ਅਮਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਸਰਕਾਰ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮਾਰਟ ਫੋਨ ਮਿਲਣ ਨਾਲ ਪੜ੍ਹਾਈ ਵਿੱਚ ਮਦਦ ਮਿਲੇਗੀ। ਇਸ ਮੌਕੇ ਮਾਸਟਰ ਸੁਰਿੰਦਰ ਸਿੰਘ, ਸੁਸ਼ਮਾ ਦੁੱਗਲ, ਜਸਵੀਰ ਕੌਰ, ਖੁਸ਼ਮਿੰਦਰ ਕੌਰ, ਦੀਪਇੰਦਰ ਕੌਰ ਆਦਿ ਵੀ ਹਾਜ਼ਰ ਸਨ।
66 ਕੇ.ਵੀ. ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ
ਅੱਜ ਪਿੰਡ ਜਲਾਲਦੀਵਾਲ ਵਿਚ ਸਾਢੇ ਤਿੰਨ ਕਰੋੜ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ. ਸਬ-ਸਟੇਸ਼ਨ ਦੀ ਉਸਾਰੀ ਦਾ ਨੀਂਹ ਪੱਥਰ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵਲੋਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਗਰਿੱਡ ਦੇ ਬਣਨ ਨਾਲ ਇਲਾਕੇ ਦੇ ਪਿੰਡਾਂ ਨੂੰ ਫ਼ਾਇਦਾ ਪੁੱਜੇਗਾ। ਮੁੱਖ ਇੰਜ. ਵਰਿੰਦਰਪਾਲ ਸਿੰਘ ਸੈਣੀ, ਨਿਗਰਾਨ ਇੰਜ. ਸਰਬਜੀਤ ਸਿੰਘ ਅਤੇ ਸੁਖਮਿੰਦਰ ਸਿੰਘ, ਐਕਸੀਅਨ ਗੁਰਮਨਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ ਇਸ ਗਰਿੱਡ ਨੂੰ 24 ਘੰਟੇ ਯੂ.ਪੀ.ਐੱਸ ਫੀਡਰ ਰਾਹੀਂ ਸਬ-ਸਟੇਸ਼ਨ ਨਾਲ ਜੋੜਿਆ ਜਾਵੇਗਾ। ਇਸ ਮੌਕੇ ਕਮਲ ਬੋਪਾਰਾਏ, ਐੱਸਡੀਐੱਮ ਡਾ. ਹਿਮਾਂਸ਼ੂ ਗੁਪਤਾ, ਜਗਪ੍ਰੀਤ ਸਿੰਘ ਬੁੱਟਰ, ਬਲਜੀਤ ਸਿੰਘ ਹਲਵਾਰਾ ਤੇ ਪ੍ਰਭਦੀਪ ਸਿੰਘ ਨਾਰੰਗਵਾਲ ਆਦਿ ਹਾਜ਼ਰ ਸਨ।