ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਦਸੰਬਰ
ਸਾਬਕਾ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਰਹੇ ਅਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਅੱਜ ਜਗਰਾਉਂ ਦੀ ਅਨਾਜ ਮੰਡੀ ਦੇ ਦੌਰੇ ’ਤੇ ਪਹੁੰਚੇ। ਇਸ ਸਮੇਂ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਤੋਂ ਇਲਾਵਾ ਹੋਰ ਪੁਲੀਸ ਅਧਿਕਾਰੀ ਵੀ ਮੌਜੂਦ ਰਹੇ। ਇਹ ਦੌਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਲੇ ਦਿਨਾਂ ’ਚ ਇਥੇ ਹੋਣ ਵਾਲੀ ਰੈਲੀ ਦੇ ਸਬੰਧ ’ਚ ਥਾਂ ਦੇ ਨਿਰੀਖਣ ਲਈ ਕੀਤਾ ਗਿਆ। ਮੁੱਖ ਮੰਤਰੀ ਦਾ ਦੌਰਾ ਤਾਂ ਤੈਅ ਹੈ ਪਰ ਹਾਲੇ ਤਾਰੀਕ ਪੱਕੀ ਨਹੀਂ। ਉਂਜ ਮੁੱਖ ਮੰਤਰੀ 7 ਦਸੰਬਰ ਨੂੰ ਜਗਰਾਉਂ ਆ ਸਕਦੇ ਹਨ। ਕੈਪਟਨ ਸੰਧੂ ਦੇ ਮੰਡੀ ਪਹੁੰਚਣ ਸਮੇਂ ਐੱਨਆਰਆਈ ਕੋਆਰਡੀਨੇਟਰ ਅਵਤਾਰ ਸਿੰਘ ਚੀਮਨਾ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕਰਨ ਵੜਿੰਗ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ ਸਮੇਤ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ। ਕਾਂਗਰਸੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਅਗਲੇ ਦਿਨਾਂ ’ਚ ਜਦੋਂ ਵੀ ਜਗਰਾਉਂ ’ਚ ਰੈਲੀ ਕਰਦੇ ਹਨ ਤਾਂ ਉਹ ਕੋਈ ਵੱਡਾ ਐਲਾਨ ਇਲਾਕੇ ਲਈ ਕਰ ਸਕਦੇ ਹਨ। ਇਥੇ ਸਥਿਤ ਲਾਲਾ ਲਾਜਪਤ ਰਾਏ ਦੇ ਜੱਦੀ ਘਰ ਸਬੰਧੀ ਵੀ ਉਨ੍ਹਾਂ ਵੱਲੋਂ ਕੋਈ ਐਲਾਨ ਸੰਭਵ ਹੈ।