ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਜੂਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਲੁਧਿਆਣਾ ਦੇ ਲੋਕਾਂ ਨੇ ਮੋਮਬਤੀ ਮਾਰਚ ਕੱਢਿਆ। ਐਨਜੀਓ ਚਲਾਉਣ ਵਾਲੇ ਅਜੈ ਸਿੱਧੂ ਦੀ ਅਗਵਾਈ ਵਿੱਚ ਇਹ ਮੋਮਬਤੀ ਮਾਰਚ ਰੱਖ ਬਾਗ਼ ਤੋਂ ਸ਼ੁਰੂ ਹੋ ਕੇ ਜਗਰਾਉਂ ਪੁੱਲ ਦੁਰਗਾ ਮਾਤਾ ਮੰਦਰ ਤੱਕ ਗਿਆ। ਇਸ ਦੌਰਾਨ ਲੋਕਾਂ ਨੇ ਹੱਥਾਂ ਵਿੱਚ ਮੋਮਬਤੀਆਂ ਫੜੀਆਂ ਹੋਈਆਂ ਸਨ ਤੇ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਨਾਅਰੇ ਵੀ ਲਗਾਏ। ਅਜੈ ਸਿੱਧੂ ਨੇ ਕਿਹਾ ਕਿ ਮੂਸੇਵਾਲਾ ਨੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿੱਚ ਆਪਣੀ ਗਾਇਕੀ ਦੇ ਦਮ ’ਤੇ ਰੌਸ਼ਨ ਕੀਤਾ ਹੈ, ਪਰ ਆਪਸੀ ਰੰਜਿਸ਼ਾਂ ਕਾਰਨ ਉਨ੍ਹਾਂ ਦਾ ਗੈਂਗਸਟਰਾਂ ਨੇ ਕਤਲ ਕਰ ਦਿੱਤਾ। ਇਸਦਾ ਘਾਟਾ ਪੰਜਾਬ ਦੇ ਲੋਕਾਂ ਤੇ ਸੰਗੀਤ ਨੂੰ ਜ਼ਰੂਰ ਪਵੇਗਾ। ਉਨ੍ਹਾਂ ਕਿਹਾ ਕਿ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਛੋਟੀ ਜਿਹੀ ਜਿੰਦਗੀ ਵਿੱਚ ਹੀ ਕਾਫ਼ੀ ਸ਼ੋਹਰਤ ਹਾਸਲ ਕਰ ਲਈ ਸੀ। ਉਹ ਕੈਨੇਡਾ ਵਿੱਚ ਗਿਆ ਤੇ ਫਿਰ ਆਪਣੀ ਪਿੰਡ ਦੀ ਮਿੱਟੀ ਦੇ ਲਗਾਅ ਕਾਰਨ ਪੰਜਾਬ ਵਾਪਸ ਆ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਗਾਇਕ ਦੇ ਚਲੇ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਨਾਲ ਉਨ੍ਹਾਂ ਦੀ ਐਨਜੀਓ ਨਾਲ ਸਬੰਧਤ ਨੌਜਵਾਨ ਤੇ ਔਰਤਾਂ ਵੀ ਮੋਮਬਤੀ ਮਾਰਚ ਵਿੱਚ ਸ਼ਾਮਲ ਹੋਈਆਂ।