ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 2 ਜੂਨ
ਬੇਰਹਿਮੀ ਨਾਲ ਕਤਲ ਕੀਤੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਰਾਏਕੋਟ ਦੇ ਤਲਵੰਡੀ ਗੇਟ ਸਾਹਮਣੇ ਵੱਡੀ ਗਿਣਤੀ ਨੌਜਵਾਨਾਂ ਨੇ ਮੋਮਬੱਤੀ ਮਾਰਚ ਕਰ ਕੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਭੇਟ ਕੀਤੀ। ਆਗੂਆਂ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਸੀਟੂ ਆਗੂ ਦਲਜੀਤ ਕੁਮਾਰ ਗੋਰਾ ਸਮੇਤ ਵੱਡੀ ਗਿਣਤੀ ’ਚ ਮੂਸੇਵਾਲਾ ਦੇ ਪ੍ਰਸ਼ੰਸਕਾਂ, ਨੌਜਵਾਨਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਨੌਜਵਾਨਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਕੇਵਲ ਵਾਹ-ਵਾਹ ਖੱਟਣ ਲਈ ਅਹਿਮ ਹਸਤੀਆਂ ਦੀ ਸੁਰੱਖਿਆ ਵਾਪਸ ਲੈਣ ਉਪਰੰਤ ਆਪਣੇ ਖ਼ੁਫ਼ੀਆ ਤੰਤਰ ਨੂੰ ਸੁਚੇਤ ਨਹੀਂ ਕੀਤਾ ਗਿਆ। ਤੇਜਿੰਦਰ ਸਿੰਘ ਰਾਜੋਆਣਾ, ਲਾਡੀ ਸਿੱਧੂ, ਜਗਤਾਰ ਸਿੰਘ, ਕਰਮਜੀਤ ਸਨੀ, ਮਿੰਟੂ ਰਾਏਕੋਟ, ਹਿਮਾਂਸ਼ੂ ਜੈਨ, ਵਿਨੀਤ ਸ਼ਰਮਾ ਸਮੇਤ ਕਈ ਹੋਰ ਨੌਜਵਾਨ ਆਗੂਆਂ ਨੇ ਵੀ ਮੋਮਬੱਤੀ ਮਾਰਚ ਵਿੱਚ ਭਾਗ ਲਿਆ।
ਸਮਰਾਲਾ (ਪੱਤਰ ਪ੍ਰੇਰਕ): ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਇਲਾਕੇ ਦੇ ਸੈਂਕੜੇ ਹੀ ਨੌਜਵਾਨਾਂ ਵੱਲੋਂ ਮੋਮਬੱਤੀ ਮਾਰਚ ਕੱਢ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੋਗ ਵਿੱਚ ਡੁੱਬੇ ਨੌਜਵਾਨਾਂ ਨੇ ਪੰਜਾਬ ਦੇ ਵਿਗੜ ਰਹੇ ਮਾਹੌਲ ’ਤੇ ਚਿੰਤਾ ਪ੍ਰਗਟ ਕਰਦਿਆਂ ਸਿੱਧੂ ਮੂਸੇਵਾਲਾ ਦੀ ਮੌਤ ਲਈ ਸੂਬਾ ਸਰਕਾਰ ਅਤੇ ਸੁਰੱਖਿਆ ਏਜੰਸੀਆਂ ’ਤੇ ਸਵਾਲ ਵੀ ਚੁੱਕੇ। ਸ਼ਹਿਰ ਦੇ ਬਾਜ਼ਾਰ ਵਿੱਚੋਂ ਗੁਜ਼ਰਦਾ ਹੋਇਆ ਇਹ ਮੋਮਬੱਤੀ ਮਾਰਚ ਮੁੱਖ ਚੌਕ ਪੁੱਜਾ। ਇਸ ਮੌਕੇ ਇਸ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਵਰਿੰਦਰ ਸਿੰਘ ਸੇਖੋਂ ਨੇ ਆਖਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਬਹੁਤ ਵੱਡੀ ਸਾਜਿਸ਼ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਹੋਵੇ। ਬੁਲਾਰਿਆਂ ਵਿੱਚ ਸ਼ਾਮਲ ਸੁਖਵਿੰਦਰ ਸਿੰਘ ਭਗਵਾਨਪੁਰਾ ਆਦਿ ਨੇ ਵੀ ਸਿੱਧੂ ਮੂਸੇਵਾਲਾ ਦੀ ਮੌਤ ਪਿੱਛੇ ਵੱਡੀ ਸਾਜਿਸ਼ ਹੋਣ ਦੀ ਗੱਲ ਆਖਦਿਆਂ ਸੱਚ ਸਾਹਮਣੇ ਲਿਆਉਣ ਦੀ ਮੰਗ ਕੀਤੀ।