ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਫਰਵਰੀ
ਪੰਜਾਬ ’ਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਤੇ ਉਮੀਦਵਾਰ ਆਪਣੇ ਇਲਾਕੇ ’ਚ ਸਰਗਰਮੀਆਂ ਤੇਜ਼ ਕਰ ਰਹੇ ਹਨ। ਕਰੋਨਾ ਦੇ ਕਾਰਨ ਭਾਵੇਂ ਵੱਡੀਆਂ ਸਿਆਸੀ ਰੈਲੀਆਂ ਤੇ ਮੀਟਿੰਗਾਂ ’ਤੇ ਪਾਬੰਦੀ ਲੱਗੀ ਹੋਈ ਹੈ, ਪਰ ਸਿਆਸੀ ਆਗੂਆਂ ਨੇ ਸ਼ਮਸ਼ਾਨ ਘਾਟ ਤੇ ਭੋਗਾਂ ’ਤੇ ਆਪਣੀ ਫੇਰੀਆਂ ਵਧਾ ਦਿੱਤੀਆਂ ਹਨ। ਚੋਣ ਜਿੱਤਣ ਲਈ ਪ੍ਰਚਾਰ ਕਰਨ ’ਚ ਲੱਗੇ ਸਿਆਸਤਦਾਨ ਲੋਕਾਂ ਦੇ ਘਰਾਂ ਦੇ ਚੱਕਰ ਲਾ ਰਹੇ ਹਨ। ਇਸ ਵਾਰ ਸਿਆਸੀ ਆਗੂਆਂ ਨੇ ਭੋਗਾਂ ’ਤੇ ਵੀ ਸਿਆਸਤ ਸ਼ੁਰੂ ਕਰ ਦਿੱਤੀ ਹੈ। ਇਹੀ ਨਹੀਂ ਆਗੂ ਸਿਰਫ਼ ਦਰਦ ਵੰਡਾਉਣ ਲਈ ਪੁੱਜੇ ਰਹੇ ਤੇ ਨਾਲ ਹੀ ਲੋਕਾਂ ਦੀਆਂ ਖੁਸ਼ੀਆਂ ’ਚ ਵੀ ਸ਼ਾਮਲ ਹੋ ਰਹੇ ਹਨ।
ਚੋਣਾਂ ’ਚ ਖੜ੍ਹੇ ਉਮੀਦਵਾਰ ਘੱਟ ਤੋਂ ਘੱਟ ਸਮੇਂ ’ਚ ਜ਼ਿਆਦਾ ਵੋਟਰਾਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ’ਚ ਰਹਿੰਦੇ ਹਨ, ਪਰ ਕਰੋਨਾ ਦੇ ਚਲਦੇ ਇਸ ਵਾਰ ਚੋਣ ਕਮਿਸ਼ਨ ਕਾਫ਼ੀ ਸਖ਼ਤ ਹੈ। ਚੋਣ ਕਮਿਸ਼ਨ ਦੇ ਵੱਲੋਂ ਵੱਡੀਆਂ ਰੈਲੀਆਂ ਤੇ ਚੋਣ ਜਲਸੇ ਪੂਰੀ ਤਰ੍ਹਾਂ ਬੰਦ ਕੀਤੇ ਗਏ ਹਨ। ਇਸ ਕਾਰਨ ਉਮੀਦਵਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਭਾਵਾਂ ਕਰਨੀਆਂ ਪੈ ਰਹੀਆਂ ਹਨ। ਉਹ ਸਵੇਰੇ ਹੀ ਘਰ ਘਰ ਚੋਣ ਪ੍ਰਚਾਰ ਕਰ ਲੋਕਾਂ ਤੱਕ ਪਹੁੰਚ ਬਣਾ ਰਹੇ ਹਨ, ਪਰ ਫਿਰ ਵੀ ਕਿਤੇ ਨਾ ਕਿਤੇ ਇਲਾਕਾ ਰਹਿ ਜਾਂਦਾ ਹੈ। ਇਸ ਲਈ ਉਮੀਦਵਾਰਾਂ ਨੇ ਸੌਖਾ ਤਰੀਕਾ ਲੱਭ ਰਿਹਾ ਹੈ। ਉਹ ਇਲਾਕੇ ’ਚ ਭੋਗ, ਅੰਤਿਮ ਸੰਸਕਾਰ ਤੇ ਵਿਆਹ ਸਮਾਗਮਾਂ ’ਚ ਜ਼ਿਆਦਾ ਪਹੁੰਚ ਕਰ ਰਹੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਦੇ ਦੋ ਕੰਮ ਹੋ ਰਹੇ ਹਨ, ਇੱਕ ਤਾਂ ਦੁਖੀ ਪਰਿਵਾਰ ਨਾਲ ਦੁੱਖ ’ਚ ਉਹ ਸ਼ਰੀਕ ਹੋ ਜਾਂਦੇ ਹਨ ਤੇ ਦੂਜਾ ਉਹ ਆਪਣਾ ਚੋਣ ਪ੍ਰਚਾਰ ਵੀ ਕਰ ਰਹੇ ਹਨ।
ਅਚਾਨਕ ਅੰਤਿਮ ਸੰਸਕਾਰ ’ਚ ਸਿਆਸੀ ਲੋਕਾਂ ਦੇ ਇੰਨੇ ਜ਼ਿਆਦਾ ਆਉਣ ਨਾਲ ਲੋਕ ਕਿਤੇ ਨਾ ਕਿਤੇ ਪ੍ਰੇਸ਼ਾਨ ਹਨ। ਪਹਿਲਾਂ ਤਾਂ ਸਿਆਸਤਦਾਨ ਆਪਣੇ ਨਜ਼ਦੀਕੀ ਤੇ ਖਾਸ ਲੋਕਾਂ ਦੇ ਘਰਾਂ ’ਚ ਜਾਂਦੇ ਸਨ, ਪਰ ਚੋਣਾਂ ਦੇ ਚੱਲਦੇ ਉਨ੍ਹਾਂ ਨੂੰ ਹਰ ਘਰ ਜਾਣਾ ਪੈ ਰਿਹਾ ਹੈ।
ਰੋਜ਼ਾਨਾ ਹੁੰਦਾ ਹੈ ਭੋਗ ਤੇ ਅੰਤਿਮ ਸਸਕਾਰ ਦਾ ਡੇਟਾ ਇਕੱਠਾ
ਚੋਣ ਪ੍ਰਚਾਰ ਦੇ ਲਈ ਉਮੀਦਵਾਰਾਂ ਦੇ ਸਮਰੱਥਕ ਮੀਟਿੰਗ ਕਰਦੇ ਹਨ, ਪਰ ਕੁਝ ਸਮਰਥੱਕ ਇਲਾਕੇ ’ਚ ਉਨ੍ਹਾਂ ਲੋਕਾਂ ਦਾ ਡੇਟਾ ਇਕੱਠਾ ਕਰਦੇ ਹਨ, ਜਿਨ੍ਹਾਂ ਦੇ ਭੋਗ ’ਤੇ ਅੰਤਿਮ ਸਸਕਾਰ ਹੁੰਦੇ ਹਨ। ਇਸ ਤੋਂ ਬਾਅਦ ਚੋਣ ਉਮੀਦਵਾਰ ਜ਼ਿਆਦਾ ਤੋਂ ਜ਼ਿਆਦਾ ਭੋਗਾਂ ’ਚ ਸ਼ਾਮਲ ਹੋ ਰਹੇ ਹਨ। ਇਸ ਦੇ ਨਾਲ ਨਾਲ ਉਮੀਦਵਾਰ ਇਲਾਕੇ ’ਚ ਰਹਿਣ ਵਾਲੇ ਲੋਕਾਂ ਦੀਆਂ ਖੁਸ਼ੀਆਂ ’ਚ ਸ਼ਾਮਲ ਹੋ ਰਹੇ ਹਨ। ਚੋਣ ਕਮਿਸ਼ਨ ਵੀ ਉਮੀਦਵਾਰਾਂ ਦੇ ਹਰ ਖ਼ਰਚੇ ’ਤੇ ਨਜ਼ਰ ਰੱਖ ਰਿਹਾ ਹੈ।