ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਫਰਵਰੀ
ਜ਼ਿਲ੍ਹੇ ਦਾ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਲੁਧਿਆਣਾ ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਸੱਤ ਉਮੀਦਵਾਰ ਅਜਿਹੇ ਹਨ, ਜੋ ਆਪਣੀ ਹੈਟ੍ਰਿਕ ਲਈ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। ਇਹ ਆਪਣੀ ਤੀਜੀ ਵਾਰ ਦੀ ਜਿੱਤ ਹਾਸਲ ਕਰਨ ਲਈ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ ਕਾਂਗਰਸ ਦੇ ਚਾਰ ਉਮੀਦਵਾਰ, ਦੋ ਵਿਧਾਇਕ ਬੈਂਸ ਭਰਾ ਤੇ ਅਕਾਲੀ ਦਲ ਦਾ ਇੱਕ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਲੁਧਿਆਣਾ ਦੇ ਚੋਣ ਮੈਦਾਨ ਵਿੱਚ ਇਸ ਵਾਰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 2012 ਤੇ 2017 ਦੋ ਵਾਰ ਤੋਂ ਹਲਕਾ ਪੱਛਮੀ ਤੋਂ ਚੋਣ ਜਿੱਤਦੇ ਆ ਰਹੇ ਹਨ, ਇਸ ਵਾਰ ਉਹ ਆਪਣੀ ਹੈਟ੍ਰਿਕ ਕਰਨ ਲਈ ਚੋਣ ਮੈਦਾਨ ਵਿੱਚ ਹਨ। ਇਸ ਵਾਰ ਮੰਤਰੀ ਆਸ਼ੂ ਨੂੰ ਭਾਜਪਾ ਵੱਲੋਂ ਬਿਕਰਮ ਸਿੰਘ ਸਿੱਧੂ, ‘ਆਪ’ ਵੱਲੋਂ ਸਾਬਕਾ ਕਾਂਗਰਸੀ ਗੁਰਪ੍ਰੀਤ ਗੋਗੀ ਚੋਣ ਮੈਦਾਨ ਵਿੱਚ ਹਨ, ਅਕਾਲੀ ਦਲ ਵੱਲੋਂ ਵਕੀਲ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਵਪਾਰੀ ਤਰੁਣ ਜੈਨ ਬਾਵਾ ਮੰਤਰੀ ਆਸ਼ੂ ਨੂੰ ਟੱਕਰ ਦੇਣ ਲਈ ਚੋਣ ਮੈਦਾਨ ਵਿੱਚ। ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਜਥੇਦਾਰ ਬਲਵਿੰਦਰ ਸਿੰਘ ਬੈਂਸ ਵੀ ਚੋਣ ਮੈਦਾਨ ਵਿੱਚ ਇਹ ਦੋਵੇਂ ਭਰਾ 2012 ਵਿੱਚ ਆਜ਼ਾਦ ਤੇ ਫਿਰ 2017 ਵਿੱਚ ਆਪਣੀ ਪਾਰਟੀ ਲੋਕ ਇਨਸਾਫ਼ ਪਾਰਟੀ ਵੱਲੋਂ ਚੋਣ ਲੜੇ ਸਨ ਤੇ ਵੱਡੇ ਫ਼ਰਕ ਦੇ ਨਾਲ ਚੋਣ ਜਿੱਤੇ ਸਨ। ਇਸ ਵਾਰ ਦੋਵੇਂ ਭਰਾਵਾਂ ਨੂੰ ਸਖ਼ਤ ਟੱਕਰ ਦੇਣ ਲਈ ਕਈ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਸੁਰਿੰਦਰ ਡਾਵਰ ਵੀ ਹਲਕਾ ਕੇਂਦਰੀ ਤੋਂ ਆਪਣੀ ਹੈਟ੍ਰਿਕ ਲਗਾਉਣ ਲਈ ਚੋਣ ਮੈਦਾਨ ਵਿੱਚ ਹਨ।
ਇਸ ਦੇ ਨਾਲ ਹੀ ਇੱਕੋ ਹੀ ਹਲਕੇ ਤੋਂ ਛੇ ਵਾਰ ਵਿਧਾਇਕ ਬਣੇ ਰਾਕੇਸ਼ ਪਾਂਡੇ ਵੀ ਇਸ ਵਾਰ ਆਪਣੀ ਜਿੱਤ ਦੀ ਹੈਟ੍ਰਿਕ ਲਗਾਉਣ ਦੀ ਤਿਆਰੀ ਵਿੱਚ ਹਨ। ਰਾਕੇਸ਼ ਪਾਂਡੇ ਹਲਕਾ ਉਤਰੀ ਤੋਂ ਕਾਂਗਰਸ ਵੱਲੋਂ ਉਮੀਦਵਾਰ ਹਨ। ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੀ ਹੈਟ੍ਰਿਕ ਲਈ ਚੋਣ ਮੈਦਾਨ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਹਨੇਵਾਲ ਤੋਂ ਸ਼ਰਨਜੀਤ ਸਿੰਘ ਢਿੱਲੋਂ ਵੀ ਆਪਣੀ ਹੈਟ੍ਰਿਕ ਦੇ ਲਈ ਚੋਣ ਮੈਦਾਨ ਵਿੱਚ ਹਨ।