ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 29 ਮਈ
ਥਾਣਾ ਸੁਧਾਰ ਅਧੀਨ ਆਉਂਦੇ ਨਜ਼ਦੀਕੀ ਪਿੰਡ ਦੇ ਕੈਨੇਡਾ ਵਾਸੀ ਸਹੁਰੇ ਖ਼ਿਲਾਫ਼ ਆਪਣੀ ਨੂੰਹ ਨਾਲ ਜਬਰ-ਜਨਾਹ ਦੇ ਦੋਸ਼ਾਂ ਅਧੀਨ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਪੀੜਤ ਔਰਤ ਨੇ ਦੋਸ਼ ਲਾਇਆ ਹੈ ਕਿ ਨਵੰਬਰ 2019 ਵਿੱਚ ਜਦੋਂ ਉਹ ਘਰ ਵਿਚ ਇਕੱਲੀ ਸੀ ਤਾਂ ਉਸ ਦੇ ਕੈਨੇਡਾ ਤੋਂ ਆਏ ਸਹੁਰੇ ਨੇ ਕੋਲਡ ਡਰਿੰਕ ਵਿੱਚ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਏ ਸਨ। ਇਸ ਦੌਰਾਨ ਉਸ ਦੇ ਸਹੁਰੇ ਨੇ ਉਸ ਦੀਆਂ ਕੁਝ ਅਸ਼ਲੀਲ ਤਸਵੀਰਾਂ ਵੀ ਖਿੱਚ ਲਈਆਂ ਸਨ, ਜਿਨ੍ਹਾਂ ਦੇ ਸਹਾਰੇ ਉਸ ਨੇ ਪੀੜਤਾ ਨੂੰ ਡਰਾ ਧਮਕਾ ਕੇ ਕਈ ਵਾਰ ਜਬਰ-ਜਨਾਹ ਕੀਤਾ। ਪੁਲੀਸ ਵੱਲੋਂ ਇਸ ਕੇਸ ਦੀ ਸ਼ਿਕਾਇਤ ਮਿਲਣ ਮਗਰੋਂ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਥਾਣਾ ਸੁਧਾਰ ਵਿਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਫ਼ਸਰ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਘਟਨਾ ਦਾ ਮੁਲਜ਼ਮ ਹਾਲੇ ਫ਼ਰਾਰ ਹੈ।
ਰੁਪਿੰਦਰ ਕੌਰ ਸਰਾਂ ਪੁਲੀਸ ਕਪਤਾਨ (ਸਪੈਸ਼ਲ ਬਰਾਂਚ) ਵੱਲੋਂ ਕੀਤੀ ਜਾਂਚ ਦੌਰਾਨ ਪੀੜਤ ਔਰਤ ਨੇ ਦੋਸ਼ ਲਾਇਆ ਕਿ ਦਸੰਬਰ 2018 ਵਿਚ ਉਸ ਦਾ ਵਿਆਹ ਹੋਇਆ ਸੀ ਅਤੇ ਉਸ ਦਾ ਸਾਰਾ ਸਹੁਰਾ ਪਰਿਵਾਰ ਵਿਆਹ ਤੋਂ ਕੁਝ ਦਿਨਾਂ ਬਾਅਦ ਕੈਨੇਡਾ ਚਲਾ ਗਿਆ ਸੀ ਅਤੇ ਉਹ ਸਹੁਰੇ ਘਰ ਇਕੱਲੀ ਰਹਿੰਦੀ ਸੀ। ਨਵੰਬਰ 2019 ਵਿਚ ਜਦੋਂ ਉਸ ਦਾ ਸਹੁਰਾ ਭਾਰਤ ਆਇਆ ਤਾਂ ਉਸ ਨੂੰ ਇਕੱਲੀ ਦੇਖ ਕੇ ਉਸ ਨੇ ਜਬਰ-ਜਨਾਹ ਕੀਤਾ ਸੀ।