ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਮਾਰਚ
ਐੱਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੀ ਐੱਨਐੱਸਐੱਸ ਯੂਨਿਟ ਨੇ ਆਪਣਾ ਸਾਲਾਨਾ 7-ਰੋਜ਼ਾ ਕੈਂਪ ਅੱਜ ਸ਼ੁਰੂ ਕੀਤਾ ਹੈ। ਇਹ ਕੈਂਪ ਦੇਸ਼ ਦੇ ਸਾਹਮਣੇ ਵੱਡੇ ਪੱਧਰ ’ਤੇ ਪੈਦਾ ਹੋ ਰਹੇ ਪਾਣੀ ਦੇ ਸੰਕਟ ਦੇ ਮੱਦੇਨਜ਼ਰ ਸਵੱਛ ਭਾਰਤ ਅਤੇ ਜਲ ਸ਼ਕਤੀ ਅਭਿਆਨ ਨੂੰ ਸਮਰਪਿਤ ਹੈ। ਇਹ ਕੈਂਪ ਪ੍ਰਿੰਸੀਪਲ ਡਾ. ਤਨਵੀਰ ਲਿਖਾਰੀ ਦੀ ਦੇਖ-ਰੇਖ ਅਤੇ ਐੱਨਐੱਸਐੱਸ ਪ੍ਰੋਗਰਾਮ ਯੂਨਿਟ ਵੱਲੋਂ ਪ੍ਰੋ. ਗੀਤਾਂਜਲੀ ਪਬਰੇਜਾ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ। ਕੈਂਪ ਵਿੱਚ ਸ਼ਹਿਰ ਵਿੱਚ ਬਿਰਧ ਆਸ਼ਰਮਾਂ ਅਤੇ ਅਨਾਥ ਆਸ਼ਰਮਾਂ ਵਿੱਚ ਜਾ ਕੇ ਸਵੱਛਤਾ ਨੂੰ ਉਤਸ਼ਾਹਿਤ ਕਰਨ ਅਤੇ ਵਾਲੰਟੀਅਰਾਂ ਵਿੱਚ ਹਮਦਰਦੀ ਫੈਲਾਉਣ ਦੇ ਉਦੇਸ਼ ਨਾਲ ਸਰਗਰਮੀਆਂ ਹੋਣਗੀਆਂ। ਕੋਵਿਡ ਮਹਾਂਮਾਰੀ ਕਾਰਨ ਦੋ ਸਾਲਾਂ ਦੇ ਵਕਫੇ ਤੋਂ ਬਾਅਦ ਇਹ ਕੈਂਪ ਲਗਾਇਆ ਜਾ ਰਿਹਾ ਹੈ।
ਕਾਲਜ ਸ਼ਬਦ ਨਾਲ ਇਸਦਾ ਉਦਘਾਟਨ ਕੀਤਾ ਗਿਆ, ਜਿਸ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਪ੍ਰੋ. ਲਿਖਾਰੀ ਨੇ ਕਿਹਾ ਕਿ ਮੌਜੂਦਾ ਪਾਣੀ ਦਾ ਸੰਕਟ ਸੱਚਮੁੱਚ ਹੀ ਡਰਾਉਣਾ ਹੈ ਕਿਉਂਕਿ ਦੇਸ਼ ਪਹਿਲਾਂ ਹੀ ਤਾਮਿਲਨਾਡੂ ਵਿੱਚ ਪਿਛਲੇ ਸਾਲ ਜਲ ਦੰਗਿਆਂ ਦਾ ਗਵਾਹ ਹੈ। ਪ੍ਰਿੰਸੀਪਲ ਸਾਇੰਟਿਸਟ ਅਤੇ ਮੁਖੀ, ਰੀਨਿਊਏਬਲ ਐਨਰਜੀ ਇੰਜਨੀਅਰਿੰਗ ਵਿਭਾਗ, ਪੀਏਯੂ ਡਾ. ਰਾਜਨ ਅਗਰਵਾਲ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਅਤੇ ਵਾਟਰ ਹਾਰਵੈਸਟਿੰਗ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।