ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਢੰਗ ਬਦਲਿਆ

ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਢੰਗ ਬਦਲਿਆ

ਲੁਧਿਆਣਾ ਵਿੱਚ ਵੋਟਰਾਂ ਦੇ ਅੰਕੜੇ ਇਕੱਠੇ ਕਰਦੀਆਂ ਹੋਈਆਂ ਇਕ ਪਾਰਟੀ ਦੀਆਂ ਵਰਕਰਾਂ।

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 21 ਜਨਵਰੀ

ਕਰੋਨਾ ਕਾਲ ਦੇ ਚੱਲਦੇ ਚੋਣ ਕਮਿਸ਼ਨ ਵੱਲੋਂ ਕਈ ਤਰ੍ਹਾਂ ਦੀਆਂ ਚੋਣ ਪ੍ਰਚਾਰ ’ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਉਮੀਦਵਾਰਾਂ ਨੂੰ ਪੰਜ ਲੋਕਾਂ ਨੂੰ ਨਾਲ ਲੈ ਕੇ ਡੋਰ ਟੂ ਡੋਰ ਤੇ ਛੋਟੀਆਂ ਮੀਟਿੰਗਾਂ ਦੇ ਹੁਕਮ ਜਾਰੀ ਕੀਤੇ ਹਨ, ਪਰ ਉਮੀਦਵਾਰ ਵੀ ਕਿਸੇ ਤੋਂ ਘੱਟ ਨਹੀਂ, ਉਨ੍ਹਾਂ ਨੇ ਵੀ ਚੋਣ ਕਮਿਸ਼ਨ ਦੇ ਇਸ ਫੈਸਲੇ ਨੂੰ ਪ੍ਰਵਾਨ ਚੜ੍ਹਾਉਣ ਲਈ ਆਪਣੇ ਪ੍ਰਚਾਰ ਦਾ ਢੰਗ ਬਦਲ ਦਿੱਤਾ ਹੈ। ਕਈ ਉਮੀਦਵਾਰਾਂ ਨੇ ਕਰੋਨਾ ਟੀਕਾਕਰਨ ਕੈਂਪਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਕੋਈ ਕੈਂਪ ਲਾ ਕੇ ਤੇ ਕੋਈ ਗਾਰੰਟੀ ਫਾਰਮ ਭਰਵਾ ਕਰ ਵਰਕਰਾਂ ਦੇ ਅੰਕੜੇ ਇਕੱਠੇ ਕਰ ਰਿਹਾ ਹੈ। ਟੀਕਾਕਰਨ ’ਚ ਹਰ ਵਿਅਕਤੀ ਦਾ ਪਤਾ ਅਤੇ ਫੋਨ ਨੰਬਰ ਲਿਆ ਜਾ ਰਿਹਾ ਹੈ। ਉਵੇਂ ਹੀ ਫਾਰਮ ਭਰਵਾਉਣ ਸਮੇਂ ਪੂਰਾ ਡੇਟਾ ਲਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਆਗੂ ਆਪਣੇ ਕੁਝ ਸਾਥੀਆਂ ਰਾਹੀਂ ਵੋਟਰਾਂ ਤੱਕ ਪੁੱਜਣ ’ਚ ਸਫ਼ਲ ਹੋ ਰਹੇ ਹਨ। ਉਮੀਦਵਾਰ ਚੋਣ ਕਮਿਸ਼ਨ ਦੇ ਫੈਸਲੇ ਅਨੁਸਾਰ ਹੀ ਡਿਜੀਟਲ ਪਲੇਟ ਫਾਰਮ ’ਤੇ ਪ੍ਰਚਾਰ ਕਰਨ ਲੱਗੇ ਹੋਏ ਹਨ। ਇਹ ਪਤਾ ਲੱਗਾ ਹੈ ਕਿ ਡਾਟਾ ਇਕੱਠਾ ਕਰਕੇ ਉਮੀਦਵਾਰਾਂ ਕੋਲ ਵਟਸਐਪ ਨੰਬਰ ਆ ਰਿਹਾ ਹੈ, ਉਸ ਤੋਂ ਬਾਅਦ ਉਹ ਇੱਕ ਬਰਾਡਕਾਸਟ ਸੂਚੀ ਬਣਾਉਂਦੇ ਹਨ ਤੇ ਉਸ ਰਾਹੀਂ ਵੋਟਰਾਂ ਨੂੰ ਵਾਅਦੇ ਕਰ ਰਹੇ ਹਨ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਇਲਾਕੇ ਦੇ ਵੋਟਰਾਂ ਤੱਕ ਪਹੁੰਚ ਬਣਾ ਰਹੇ ਹਨ। ਇਹ ਵੇਲੇ ਅਜਿਹਾ ਪ੍ਰਚਾਰ ਕਰਨ ’ਚ ਸਭ ਤੋਂ ਅੱਗੇ ਆਮ ਆਦਮੀ ਪਾਰਟੀ ਹੈ। ਕਰੋਨਾ ਤੋਂ ਰੋਕਥਾਮ ਲਈ ਪਿਛਲੇ ਸਾਲ ਜਨਵਰੀ ਮਹੀਨੇ ’ਚ ਟੀਕਾਕਰਨ ਕੈਂਪ ਲਾਏ ਗਏ ਸਨ। ਕਾਂਗਰਸ ਨੂੰ ਪਤਾ ਸੀ ਕਿ ਇਹ ਕੈਂਪ ਉਨ੍ਹਾਂ ਲਈ ਫਾਇਦੇਮੰਦ ਸਿੱਧ ਹੋਣਗੇ।

ਕੇਜਰੀਵਾਲ ਦੀਆਂ ਗਾਰੰਟੀਆਂ ਦਾ ਪ੍ਰਚਾਰ

ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਅਰਵਿੰਦ ਕੇਜਰਵਿਾਲ ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ਦਾ ਸਹਾਰਾ ਮਿਲ ਰਿਹਾ ਹੈ। ਦਰਅਸਲ ਕੇਜਰੀਵਾਲ ਵੱਲੋਂ ਦਿੱਤੀ ਗਈ ਗਾਰੰਟੀ ਤੋਂ ਬਾਅਦ ਵਿਧਾਨ ਸਭਾ ਹਲਕਾ ਵਾਈਜ਼ ਫਾਰਮ ਭਰੇ ਗਏ ਸਨ। ਇਨ੍ਹਾਂ ਫਾਰਮਾਂ ’ਤੇ ਲੋਕਾਂ ਦੇ ਮੋਬਾਈਲ ਨੰਬਰ ਦਰਜ ਹਨ। ਇਨ੍ਹਾਂ ਨੰਬਰਾਂ ’ਤੇ ਆਪ ਉਮੀਦਵਾਰਾਂ ਦੇ ਸਮਰਥਕ ਫੋਨ ਕਰਕੇ ਵੋਟਾਂ ਦੀ ਮੰਗ ਕਰ ਰਹੇ ਹਨ। ਇਸ ਲਈ ਬਕਾਇਦਾ ਸੈਟਅਪ ਲਾਇਆ ਗਿਆ ਹੈ। ਰੋਜ਼ਾਨਾ 1000 ਦੇ ਕਰੀਬ ਲੋਕਾਂ ਨਾਲ ਮੋਬਾਈਲ ’ਤੇ ਸੰਪਰਕ ਕੀਤਾ ਜਾਂਦਾ ਹੈ।

ਕੁੱਪ ਕਲਾਂ ਵਿੱਚ ਨਹੀਂ ਲੱਗੇਗਾ ਕਿਸੇ ਉਮੀਦਵਾਰ ਦਾ ਪੋਲਿੰਗ ਬੂਥ

ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ/ਡਾ. ਕੁਲਵਿੰਦਰ ਗਿੱਲ): ਵਿਧਾਨ ਸਭਾ ਹਲਕਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਕੁੱਪ ਕਲਾਂ ਦੇ ਵਸਨੀਕਾਂ ਨੇ ਆਪਣੇ ਪਿੰਡ ਤੋਂ ਇਲਾਕੇ ਵਿੱਚ ਇੱਕ ਆਦਰਸ਼ ਚੋਣ ਮਾਹੌਲ ਪੈਦਾ ਕਰਨ ਦਾ ਹੋਕਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਪ੍ਰੇਰਨਾ ਨਾਲ ਸ਼ੁਰੂ ਕੀਤੇ ਗਏ ਨਿਵੇਕਲੇ ਉਪਰਾਲੇ ਨੂੰ ਉਸ ਵੇਲੇ ਬੂਰ ਪੈ ਗਿਆ ਜਦੋਂ ਪਿੰਡ ਦੇ ਆਗੂਆਂ ਨੇ ਪਿੰਡ ਰੋਹੀੜਾ ਦੇ ਗੁਰਦੁਆਰਾ ਵੱਡਾ ਘੱਲੂਘਾਰਾ ਵਿਚ ਮੀਟਿੰਗ ਕਰਕੇ ਸਰਬਸੰਮਤੀ ਨਾਲ ਸਥਾਨਕ ਚੋਣ ਜ਼ਾਬਤਾ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਵੀਹ ਫਰਵਰੀ ਨੂੰ ਵੋਟਾਂ ਵਾਲੇ ਦਿਨ ਕਿਸੇ ਵੀ ਉਮੀਦਵਾਰ ਦੇ ਸਮਰਥਕਾਂ ਵੱਲੋਂ ਪੋਲਿੰਗ ਸਟੇਸ਼ਨ ਦੇ ਬਾਹਰ ਪਰਚੀਆਂ ਆਦਿ ਬਣਾਉਣ ਦੇ ਬਹਾਨੇ ਬੂਥ ਨਹੀਂ ਲਗਾਏ ਜਾਣਗੇ ਅਤੇ ਸਾਰੇ ਵੋਟਰ ਸਿੱਧੇ ਵੋਟਾਂ ਪਾ ਕੇ ਘਰਾਂ ਨੂੰ ਪਰਤ ਜਾਣਗੇ। ਇਸ ਤੋਂ ਇਲਾਵਾ ਪਿੰਡ ਵਿੱਚ ਕਿਸੇ ਵੀ ਉਮੀਦਵਾਰ ਜਾਂ ਪਾਰਟੀ ਦਾ ਝੰਡਾ ਜਾਂ ਬੈਨਰ ਆਦਿ ਨਹੀਂ ਲੱਗੇਗਾ ਅਤੇ ਕਿਸੇ ਵੀ ਸਾਂਝੀ ਥਾਂ ’ਤੇ ਚੋਣ ਮੁਹਿੰਮ ਦੇ ਸਬੰਧ ਵਿੱਚ ਕੋਈ ਇਕੱਠ ਨਹੀਂ ਕੀਤਾ ਜਾਵੇਗਾ। ਉਂਜ ਜੇ ਕੋਈ ਉਮੀਦਵਾਰ ਕਿਸੇ ਪਰਿਵਾਰ ਨੂੰ ਉਸ ਦੇ ਘਰ ਜਾਂ ਦਫ਼ਤਰ ਆਦਿ ਵਿੱਚ ਆ ਕੇ ਮੀਟਿੰਗ ਕਰਦਾ ਹੈ ਤਾਂ ਪਰਿਵਾਰ ਉਸ ਨੂੰ ਸੱਦ ਸਕਦਾ ਹੈ ਪਰ ਇਸ ਉਮੀਦਵਾਰ ਜਾਂ ਉਸਦੇ ਨੁਮਾਇੰਦੇ ਨੂੰ ਪਿੰਡ ਦੀ ਸਾਂਝੀ ਕਮੇਟੀ ਦੇ ਨੁਮਾਇੰਦੇ ਚੋਣ ਮਨੋਰਥ ਪੱਤਰ ਜਾਂ ਇਲਾਕੇ ਦੇ ਵਿਕਾਸ ਸਬੰਧੀ ਸਵਾਲ ਪੁੱਛ ਸਕਦੇ ਹਨ।ਇਸ ਤੋਂ ਇਲਾਵਾ ਪਿੰਡ ਵਾਸੀ ਸਾਂਝੇ ਤੌਰ ’ਤੇ ਇਹ ਵੀ ਨਿਗਰਾਨੀ ਰੱਖਣਗੇ ਕਿ ਕੋਈ ਉਮੀਦਵਾਰ ਵੋਟਰਾਂ ਨੂੰ ਨਸ਼ਿਆਂ, ਨਕਦੀ ਜਾਂ ਕਿਸੇ ਹੋਰ ਲਾਲਚ ਨਾਲ ਭਰਮਾਉਣ ਦੀ ਕੋਸ਼ਿਸ ਨਾ ਕਰੇ। ਜੇ ਕੋਈ ਵਿਅਕਤੀ ਜਾਂ ਪਰਿਵਾਰ ਇਸ ਤਰ੍ਹਾਂ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੇ ਪ੍ਰਬੰਧਕਾਂ ਸੁਰਜਨ ਸਿੰਘ, ਮੋਹਨ ਜੀਤ ਅਤੇ ਬੀਕੇਯੂ ਆਗੂ ਸੁਖਜੀਵਨ ਸਿੰਘ ਨੇ ਦੱਸਿਆ ਕਿ ਉਕਤ ਫੈਸਲਾ ਪਿੰਡ ਵਾਸੀਆਂ ਨੇ ਬੀਤੇ ਸਮਿਆਂ ਦੌਰਾਨ ਹੋਈਆਂ ਚੋਣਾਂ ਦੇ ਮਾਹੌਲ ਦੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਕੀਤਾ ਹੈ। ਇਸ ਨਾਲ ਪਿੰਡ ਵਾਸੀ ਪਹਿਲਾਂ ਦੀ ਤਰ੍ਹਾਂ ਕੰਮ ਕਰਦੇ ਰਹਿਣਗੇ ਅਤੇ ਆਪਸੀ ਭਾਈਚਾਰਾ ਬਣਿਆ ਰਹੇਗਾ। ਰੈਲੀਆਂ, ਮੀਟਿੰਗਾਂ, ਚੋਣ ਪ੍ਰਚਾਰ ਅਤੇ ਨਸ਼ਿਆਂ ਆਦਿ ’ਤੇ ਹੋਣ ਵਾਲਾ ਉਮੀਦਵਾਰਾਂ ਦਾ ਖਰਚਾ ਬਚੇਗਾ ਅਤੇ ਬੱਚਿਆਂ ਦੀ ਪੜ੍ਹਾਈ ਉੱਪਰ ਵੀ ਮਾੜਾ ਅਸਰ ਨਹੀਂ ਪਵੇਗਾ। ਪਿੰਡ ਵਿੱਚ ਮੌਜੂਦਾ ਸਮੇਂ ਲੱਗੇ ਹੋਏ ਕੁੱਝ ਪੋਸਟਰਾਂ ਆਦਿ ਬਾਰੇ ਪੁੱਛੇ ਜਾਣ ’ਤੇ ਸੁਰਜਨ ਸਿੰਘ ਨੇ ਦਾਅਵਾ ਕੀਤਾ ਕਿ ਸਾਰੇ ਹੀ ਉਮੀਦਵਾਰਾਂ ਦੇ ਸਮਰਥਕ ਸਾਂਝੀ ਮੀਟਿੰਗ ਵਿੱਚ ਮੌਜੂਦ ਹੋਣ ਕਰਕੇ ਇਕ ਵਾਰ ਸਾਂਝੇ ਤੌਰ ’ਤੇ ਸਾਰੇ ਹੀ ਪੋਸਟਰ, ਬੈਨਰ ਤੇ ਝੰਡੇ ਆਦਿ ਉਤਾਰ ਦਿੱਤੇ ਜਾਣਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All