ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਸਤੰਬਰ
ਸ਼ਹਿਰ ਦੀ ਟਰੈਫਿਕ ਸਮੱਸਿਆ ਦੇ ਠੋਸ ਹੱਲ ਲਈ ਕਮਾਨ ਸੰਭਾਲਦੇ ਹੋਏ ਐੱਸ.ਐੱਸ.ਪੀ. ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਖੁਦ ਸੜਕ ’ਤੇ ਉਤਰੇ। ਉਨ੍ਹਾਂ ਅਮਲੋਹ ਰੋਡ ਤੋਂ ਮਾਲੇਰਕੋਟਲਾ ਰੋਡ ਤੱਕ ਸੜਕ ’ਤੇ ਕਬਜ਼ਾ ਕਰ ਰਹੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਖੁਦ ਕਬਜ਼ੇ ਹਟਾਉਣ ਦੀ ਅਪੀਲ ਕੀਤੀ। ਲੋਕਾਂ ਨੂੰ ਟਰੈਫਿਕ ਕਾਰਨ ਆਮ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ। ਜ਼ਿਲ੍ਹਾ ਪੁਲੀਸ ਮੁਖੀ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸੜਕ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਟਰੈਫ਼ਿਕ ਸਮੱਸਿਆ ਵੱਧ ਗਈ ਹੈ। ਇਸਦੇ ਮੱਦੇਨਜ਼ਰ ਉਨ੍ਹਾਂ ਦੁਕਾਨਦਾਰਾਂ ਨਾਲ ਮੁਲਾਕਾਤ ਕਰਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਦੀ ਸਮੱਸਿਆ ਗੰਭੀਰ ਹੋ ਗਈ ਹੈ, ਆਉਣ ਵਾਲੇ ਦਿਨਾਂ ਵਿਚ ਤਿਉਹਾਰਾਂ ਨੂੰ ਦੇਖਦਿਆਂ ਆਵਾਜਾਈ ਸਹੀ ਕਰਨਾ ਬਹੁਤ ਜ਼ਰੂਰੀ ਹੈ। ਐੱਸ.ਪੀ. ਗੁਰਪ੍ਰੀਤ ਪੂਰੇਵਾਲ ਨੇ ਕਿਹਾ ਕਿ ਦੁਕਾਨਦਾਰ ਆਪਣੇ ਆਪ ਹੀ ਕਬਜ਼ੇ ਹਟਾ ਕੇ ਸੜਕ ਨੂੰ ਸਾਫ਼ ਕਰਨ।