ਗੁਰਦੀਪ ਸਿੰਘ ਟੱਕਰ/ਡੀ.ਪੀ.ਐੱਸ ਬੱਤਰਾ
ਮਾਛੀਵਾੜਾ/ਸਮਰਾਲਾ, 18 ਫਰਵਰੀ
ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਵਲੋਂ ਚੋਣ ਪ੍ਰਚਾਰ ਦੇ ਅੰਤਿਮ ਦਿਨ ਅੱਜ ਮਾਛੀਵਾੜਾ ਅਤੇ ਸਮਰਾਲਾ ਸ਼ਹਿਰ ਵਿਚ ਵਰਕਰਾਂ ਤੇ ਆਗੂਆਂ ਨੂੰ ਨਾਲ ਲੈ ਕੇ ਰੋਡ ਸ਼ੋਅ ਕੱਢਿਆ ਗਿਆ। ਇਸ ਮੌਕੇ ਦੁਕਾਨਦਾਰ ਵਰਗ ਵੱਲੋਂ ਉਨ੍ਹਾਂ ਨੂੰ ਸਮਰਥਨ ਦਿੱਤਾ ਗਿਆ।
ਮਾਛੀਵਾੜਾ ਦੇ ਖਾਲਸਾ ਚੌਕ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਸ੍ਰੀ ਗਿੱਲ ਨੇ ਇੱਕ-ਇੱਕ ਦੁਕਾਨ ’ਤੇ ਜਾ ਕੇ ਹਰੇਕ ਵਪਾਰੀ ਤੇ ਦੁਕਾਨਦਾਰ ਤੋਂ ਕਾਂਗਰਸ ਲਈ ਵੋਟਾਂ ਮੰਗੀਆਂ ਅਤੇ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਮਾਛੀਵਾੜਾ ਤੇ ਸਮਰਾਲਾ ਸ਼ਹਿਰ ਦੇ ਦੁਕਾਨਦਾਰਾਂ ਨੂੰ ਇਹ ਵੀ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਲੋਕਾਂ ਦੇ ਸੁਝਾਅ ਨਾਲ ਹੱਲ ਕਰਨਗੇ ਅਤੇ ਸ਼ਹਿਰ ਵਿਚ ਸਾਰੇ ਹੀ ਵਿਕਾਸ ਕਾਰਜ ਹਰੇਕ ਵਰਗ ਦੇ ਹਿੱਤਾਂ ਨੂੰ ਦੇਖਦਿਆਂ ਕੀਤੇ ਜਾਣਗੇ। ਅੱਜ ਰੋਡ ਸ਼ੋਅ ਦੌਰਾਨ ਉਨ੍ਹਾਂ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ, ਪ੍ਰਦੇਸ਼ ਸਕੱਤਰ ਕਸਤੂਰੀ ਲਾਲ ਮਿੰਟੂ, ਜੇਪੀ ਸਿੰਘ ਮੱਕੜ, ਐਡਵੋਕੇਟ ਕਪਿਲ ਆਨੰਦ, ਚੌਧਰੀ ਬਲਵਿੰਦਰ ਰਾਏ ਸੋਨੀ, ਗੁਰਨਾਮ ਸਿੰਘ, ਪਰਮਜੀਤ ਪੰਮੀ (ਸਾਰੇ ਕੌਂਸਲਰ) ਮੌਜੂਦ ਸਨ।
ਵਿਧਾਇਕ ਢਿੱਲੋਂ ਨੇ ਰੋਡ ਸ਼ੋਅ ਕਰ ਕੇ ਲੋਕਾਂ ਤੋਂ ਮੰਗਿਆ ਸਮਰਥਨ
ਮਾਛੀਵਾੜਾ/ਸਮਰਾਲਾ (ਪੱਤਰ ਪ੍ਰੇਰਕ): ਹਲਕਾ ਸਮਰਾਲਾ ਤੋਂ ਵਿਧਾਇਕ ਅਤੇ ਆਜ਼ਾਦ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਵੱਲੋਂ ਅੱਜ ਮਾਛੀਵਾੜਾ ਤੇ ਸਮਰਾਲਾ ਸ਼ਹਿਰ ਵਿਚ ਰੋਡ ਸ਼ੋਅ ਕੱਢ ਕੇ ਲੋਕਾਂ ਤੋਂ ਸਮਰਥਨ ਮੰਗਿਆ। ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿੱਚ ਨਤਮਸਤਕ ਹੋ ਸ੍ਰੀ ਢਿੱਲੋਂ ਦੇ ਸਮਰਥਕਾਂ ਦਾ ਕਾਫ਼ਲਾ ਮਾਛੀਵਾੜਾ ਤੋਂ ਹੁੰਦਾ ਹੋਇਆ ਸਮਰਾਲਾ ਪੁੱਜਿਆ। ਇਸ ਦੌਰਾਨ ਵਿਧਾਇਕ ਢਿੱਲੋਂ ਨੇ ਕਿਹਾ ਕਿ ਲੋਕਾਂ ਤੋਂ ਮਿਲ ਰਹੇ ਪਿਆਰ ਸਦਕਾ ਉਹ ਵਿਧਾਨ ਸਭਾ ਚੋਣ 25 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤਣਗੇ।