ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਫਰਵਰੀ
ਇਨਕਲਾਬੀ ਕੇਂਦਰ ਪੰਜਾਬ (ਲੁਧਿਆਣਾ ਇਕਾਈ) ਦੀ ਮੀਟਿੰਗ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਵਿੱਚ ਸਿਆਸੀ ਪਾਰਟੀਆਂ ਦੇ ਕਿਰਦਾਰ ਨੂੰ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਗਰਦਾਨਿਆ ਗਿਆ। ਆਗੂਆਂ ਨੇ ਕਿਹਾ ਕਿ ਮੌਜੂਦਾ ਵਿਧਾਨ ਸਭਾ ਚੋਣਾਂ ਦੇ ਦੌਰ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਹਮੇਸ਼ਾ ਦੀ ਤਰ੍ਹਾਂ ਭਰਮਾਊ ਸਬਜ਼ਬਾਗ਼ ਦਿਖਾ ਕੇ ਛੋਟੇ-ਛੋਟੇ ਲਾਲਚਾਂ ਦੀਆਂ ਬੁਰਕੀਆਂ ਲੋਕਾਂ ਅੱਗੇ ਸੁੱਟ ਰਹੀਆਂ ਹਨ। ਇਹ ਪਾਰਟੀਆਂ ਇਹ ਨਹੀਂ ਦੱਸ ਰਹੀਆਂ ਕਿ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਅਸਲ ਹੱਲ ਕੀ ਹੈ।
ਇਸ ਬਾਰੇ ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਪੰਜਾਬ ਪੱਧਰ ਤੇ ਸਾਰੇ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਵੋਟ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਦਿਖਾਵੇ ਨੂੰ ਬੇਪਰਦ ਕਰਨ ਲਈ ਕੀਤੀਆਂ ਜਾ ਰਹੀਆਂ ਕਨਵੈਨਸ਼ਨਾਂ ਦਾ ਪੂਰਨ ਸਮਰਥਨ ਦੇਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਦੀ ਕਨਵੈਨਸ਼ਨ 9 ਫਰਵਰੀ ਨੂੰ ਜਗਰਾਓਂ ਵਿੱਚ ਹੋਵੇਗੀ। ਇਸ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਤਹਿ ਕੀਤਾ ਗਿਆ। ਇਨਕਲਾਬੀ ਕੇਂਦਰ ਦੀ ਲੁਧਿਆਣਾ ਇਕਾਈ ਵੱਲੋਂ ਇਸ ਕਨਵੈਨਸ਼ਨ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿੱਚ ਉਪਰੋਕਤ ਦੋਵਾਂ ਜਥੇਬੰਦੀਆਂ ਵੱਲੋਂ ‘ਇਨਕਲਾਬੀ ਬਦਲ ਉਸਾਰੋ’ ਨਾਂ ਦਾ ਹੱਥ ਪਰਚਾ ਘਰ-ਘਰ ਜਾ ਕੇ ਵੰਡਣ ਲਈ ਪ੍ਰੋਗਰਾਮ ਤਹਿ ਕੀਤਾ ਗਿਆ। ਹੱਥ ਪਰਚੇ ਵਿੱਚ ਸਿਆਸਤਦਾਨਾਂ ਪਾਸੋਂ ਪੁੱਛਣ ਵਾਲੇ ਸਵਾਲ ਵੀ ਦਰਜ ਹਨ ਜੋ ਲੋਕਾਂ ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਜਥੇਬੰਦ ਹੋਣ ਲਈ ਵੀ ਪ੍ਰੇਰਿਤ ਕਰਨਗੇ। ਜਸਵੰਤ ਜੀਰਖ ਨੇ ਕਿਹਾ ਕਿ ਲੁਧਿਆਣੇ ਦੇ ਵੱਖ ਵੱਖ ਖੇਤਰਾਂ ਵਿੱਚ ਸਿਆਸਤਦਾਨਾਂ ਤੋਂ ਪੁੱਛਣ ਵਾਲੇ ਮੁੱਖ ਸਵਾਲਾਂ ਦੇ ਬੈਨਰ ਵੀ ਲਗਾਏ ਜਾਣਗੇ। ਮੀਟਿੰਗ ਵਿੱਚ ਮਾਸਟਰ ਸੁਰਜੀਤ ਸਿੰਘ, ਡਾ. ਮੋਹਨ ਸਿੰਘ, ਹਰਸਾ ਸਿੰਘ, ਰਜਿੰਦਰ ਸਿੰਘ, ਮੈਡਮ ਮਧੂ ਤੇ ਹਰਜਿੰਦਰ ਕੌਰ ਸ਼ਾਮਲ ਸਨ।