ਸੰਤੋਖ ਗਿੱਲ
ਗੁਰੂਸਰ ਸੁਧਾਰ, 12 ਦਸੰਬਰ
ਇਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਾਹਿਤਕ ਅਤੇ ਸਭਿਆਚਾਰਕ ਮੰਚ ਨੇ ਮੁੱਲਾਂਪੁਰ ਵਿੱਚ ਕਿਸਾਨ ਫ਼ਤਿਹ ਮਾਰਚ ਨੂੰ ਸਮਰਪਿਤ ਸਨਮਾਨ ਸਮਾਗਮ ਦੌਰਾਨ ਇਸ਼ਕ-ਮੁਸ਼ਕ ਅਤੇ ਹਥਿਆਰਾਂ ਦੇ ਗੁਣਗਾਨ ਦੀ ਥਾਂ ਕਲਾਕਾਰਾਂ ਅਤੇ ਕਲਮਕਾਰਾਂ ਨੂੰ ਲੋਕ ਪੱਖੀ ਲਹਿਰ ਉਸਾਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਸਮਾਗਮ ਦੇ ਮੁੱਖ ਮਹਿਮਾਨ ਕੁਲਦੀਪ ਸਿੰਘ ਈਸੇਵਾਲ ਅਤੇ ਪ੍ਰਧਾਨਗੀ ਮੰਡਲ ਵੱਲੋਂ ਰੰਗਕਰਮੀ ਸੁਰਿੰਦਰ ਸ਼ਰਮਾ ਨੇ ਕਵੀਆਂ, ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਕਿਹਾ ਕਿ ਜੇਕਰ ਹੁਣ ਵੀ ਲੋਕਾਂ ਦੀ ਗੱਲ ਨਾ ਕੀਤੀ ਤਾਂ ਉਨ੍ਹਾਂ ਦੀ ਕਿਰਤ ਦਾ ਕੋਈ ਅਰਥ ਨਹੀਂ ਹੈ। ਸਨਮਾਨ ਸਮਾਗਮ ਦੌਰਾਨ ਸਬਦੀਸ਼ ਨੂੰ ਹਰਭਜਨ ਹਲਵਾਰਵੀ ਪੁਰਸਕਾਰ, ਦਰਸ਼ਨ ਸਿੰਘ ਬੋਪਾਰਾਏ ਨੂੰ ਬਲਦੇਵ ਕੈਂਥ (ਹਿੱਸੋਵਾਲ) ਪੁਰਸਕਾਰ, ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੂੰ ਕਵੀਸ਼ਰ ਮਥਰਾ ਸਿੰਘ ਚੀਮਾ ਪੁਰਸਕਾਰ, ਪ੍ਰੋ. ਕੰਵਲ ਢਿੱਲੋਂ ਨੂੰ ਅਮਰਜੀਤ ਕੌਰ ਸ਼ੇਖ਼ੂਪੁਰਾ ਪੁਰਸਕਾਰ, ਅਮਨਦੀਪ ਦਰਦੀ ਨੂੰ ਹਰਚੰਦ ਸਿੰਘ ਜਾਂਗਪੁਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗੁਰਮਤਿ ਭਵਨ ਮੁੱਲਾਂਪੁਰ ਵਿੱਚ ਸਨਮਾਨ ਸਮਾਗਮ ਦੌਰਾਨ ਕੇ ਸਾਧੂ ਸਿੰਘ ਨੇ ਸਨਮਾਨ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਸਾਹਿਤਕ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ। ਅਮਰੀਕ ਸਿੰਘ ਤਲਵੰਡੀ, ਸਾਧੂ ਸਿੰਘ ਦਿਲਸ਼ਾਦ, ਜਗਤਾਰ ਸਿੰਘ ਹਿੱਸੋਵਾਲ, ਬੁੱਧ ਸਿੰਘ ਨੀਲੋਂ, ਅਜਮੇਲ ਸਿੰਘ ਮੋਹੀ, ਬਲਵੀਰ ਮਾਨ, ਕਰਮਜੀਤ ਭੱਟੀ, ਬਲਵਿੰਦਰ ਸਿੰਘ ਮੋਹੀ, ਮਹੇਸ਼ ਪਾਂਡੇ ਰੋਹਲਵੀ, ਭਗਵਾਨ ਢਿੱਲੋਂ, ਅਮਰਜੀਤ ਸ਼ੇਰਪੁਰੀ, ਸਰਬਜੀਤ ਬਿਰਦੀ, ਗੁਰਵਿੰਦਰ ਸਿੰਘ ਚੀਮਾ, ਰਾਵਿੰਦਰ ਦੀਵਾਨਾ, ਗੁਰਪਿਆਰ ਸਿੰਘ ਸਰਾਭਾ ਵਰਗੇ ਨਾਮਵਰ ਸ਼ਾਇਰਾਂ, ਕਵੀਆਂ ਅਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰ ਪੇਸ਼ ਕੀਤੇ। ਮਾਨਸਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਾਗਮ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਖ਼ਾਸਕਰ ਲੜਕੀਆਂ ਉੱਪਰ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਡੀਐੱਸਪੀ ਅਤੇ ਹੋਰ ਅਧਿਕਾਰੀਆਂ ਦੀ ਸਰਬਸੰਮਤੀ ਨਾਲ ਬਰਖ਼ਾਸਤਗੀ ਮੰਗੀ ਗਈ। ਸਮਾਗਮ ਵਿੱਚ ਜਸਵੀਰ ਸਿੰਘ ਪਮਾਲੀ, ਸੋਮ ਪਾਲ ਹੀਰਾ, ਪ੍ਰਿੰਸੀਪਲ ਰਾਜਿੰਦਰ ਸਿੰਘ ਸੁਧਾਰ ਸਮੇਤ ਹੋਰ ਅਨੇਕਾਂ ਸਨਮਾਨਿਤ ਸ਼ਖ਼ਸੀਅਤਾਂ ਮੌਜੂਦ ਸਨ।