ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 29 ਸਤੰਬਰ
ਇਥੇ 364ਵੇਂ ਦਿਨ ’ਚ ਦਾਖਲ ਹੋਏ ਸਥਾਨਕ ਰੇਲਵੇ ਪਾਰਕ ’ਚ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਪ੍ਰਧਾਨਗੀ ਹੇਠ ਚੱਲੇ ਧਰਨੇ ’ਚ ਚਿੱਪ ਵਾਲੇ ਮੀਟਰਾਂ ਨੂੰ ਨਾ ਲੱਗਣ ਦੇਣ ਲਈ ਜੱਦੋ-ਜਹਿਦ ਕਰਨ ਦਾ ਸੱਦਾ ਦਿੱਤਾ। ਭਾਰਤ ਬੰਦ ਦੀ ਸਫ਼ਲਤਾ ’ਤੇ ਸਮੂਹ ਇਲਾਕਾ ਵਾਸੀਆਂ, ਬੰਦ ’ਚ ਸ਼ਾਮਲ ਕਿਸਾਨਾਂ, ਦਿਹਾਤੀ ਮਜ਼ਦੂਰਾਂ, ਦੁਕਾਨਦਾਰਾਂ, ਵਪਾਰੀਆਂ ਨੌਜਵਾਨਾਂ, ਔਰਤਾਂ, ਬੱਚਿਆਂ ਦਾ ਧੰਨਵਾਦ ਕੀਤਾ ਗਿਆ। ਮੋਰਚੇ ਨੇ ਸਾਰੇ ਹੀ ਪਿੰਡਾਂ, ਸੰਸਥਾਵਾਂ, ਵਿਅਕਤੀਆਂ ਦਾ ਵੀ ਧੰਨਵਾਦ ਕੀਤਾ, ਜਿਨਾਂ ਨੇ ਚਾਹ, ਪ੍ਰਸਾਦਿਆਂ, ਪਾਣੀ, ਚੌਲਾਂ ਦੇ ਲੰਗਰ ਲਈ ਯਤਨ ਜੁਟਾਏ। ਕਿਸਾਨ ਆਗੂਆਂ ਦਰਸ਼ਨ ਸਿੰਘ ਗਾਲਬਿ, ਹਰਭਜਨ ਸਿੰਘ ਦੌਧਰ ਅਤੇ ਲੋਕ ਆਗੂ ਕੰਵਲਜੀਤ ਖੰਨਾ ਨੇ ਪੰਜਾਬ ਕਾਂਗਰਸ ’ਚ ਇਕ ਵਾਰ ਫਿਰ ਤਿੱਖੇ ਹੋਏ ਕੁਰਸੀ ਵਿਵਾਦ ਨੂੰ ਪੂੰਜੀਵਾਦੀ ਮੌਕਾਪ੍ਰਸਤ ਸਿਆਸਤ ਦਾ ਲਾਜ਼ਮੀ ਸਿੱਟਾ ਕਰਾਰ ਦਿੱਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਮਜ਼ਦੂਰ ਵਰਗ ਦੀਆਂ ਮੰਗਾਂ ਅਤੇ ਸਰਕਾਰ ਨਾਲ ਚੱਲ ਰਹੀ ਗੱਲਬਾਤ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ
ਖੰਨਾ (ਜੋਗਿੰਦਰ ਸਿੰਘ ਓਬਰਾਏ): ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਬਾਹਰ ਆਰੰਭਿਆ ਸੰਘਰਸ਼ 366ਵੇਂ ਦਿਨ ਲਗਾਤਾਰ ਜਾਰੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸਵੈਚ ਅਤੇ ਹਰਮਿੰਦਰ ਸਿੰਘ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਸੱਦੇ ਨੂੰ ਸਫ਼ਲ ਬਣਾਉਣ ਲਈ ਸ਼ਹਿਰ ਵਾਸੀਆਂ, ਵਪਾਰੀਆਂ, ਰੇਹੜੀ ਫੜ੍ਹੀ ਵਾਲਿਆਂ ਅਤੇ ਹੋਰ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਕਿਹਾ ਕਿ ਲੋਕਾਂ ਦੇ ਸਾਥ ਨੇ ਸਿੱਧ ਕਰ ਦਿੱਤਾ ਹੈ ਕਿ ਭਾਜਪਾ ਤੋਂ ਇਲਾਵਾ ਅੱਜ ਦੇਸ਼ ਭਰ ਦੇ ਲੋਕ ਕਿਸਾਨਾਂ ਦੇ ਸਾਥ ਦੇ ਰਹੇ ਹਨ।