ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡੀਕੇ ਤਿਵਾੜੀ ਨੇ ਸਾਲ-2022 ਦੀ ਪੀਏਯੂ ਖੇਤੀ ਡਾਇਰੀ ਅਤੇ ਟੇਬਲ ਕੈਲੰਡਰ ਲੋਕ ਅਰਪਿਤ ਕੀਤੇ ਹਨ। ਸ੍ਰੀ ਤਿਵਾੜੀ ਨੇ ਸਮੁੱਚੇ ਟੀਚਿੰਗ, ਨਾਨ-ਟੀਚਿੰਗ ਅਮਲੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੀ.ਏ.ਯੂ. ਨੇ ਪੰਜਾਬ ਦੇ ਖੇਤੀ ਵਿਕਾਸ ਵਿੱਚ ਅਭੁੱਲ ਅਤੇ ਅਮੁੱਲ ਯੋਗਦਾਨ ਪਾਇਆ ਹੈ। ਸਾਲਾਨਾ ਡਾਇਰੀ ਬਾਰੇ ਗੱਲ ਕਰਦਿਆਂ ਤਿਵਾੜੀ ਨੇ ਦੱਸਿਆ ਕਿ ਇਸ ਵਿੱਚ ਮੁੱਖ ਫਸਲਾਂ ਤੋਂ ਇਲਾਵਾ ਤੇਲ ਬੀਜ ਫਸਲਾਂ, ਚਾਰਿਆਂ ਵਾਲੀਆਂ ਫਸਲਾਂ, ਬਾਗਬਾਨੀ, ਸਬਜ਼ੀਆਂ ਆਦਿ ਸਮੁੱਚੀ ਖੇਤੀ ਜਾਣਕਾਰੀ ਅਤੇ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਸੰਖੇਪ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ, ਇਸ ਲਈ ਇਹ ਡਾਇਰੀ ਹਰ ਕਿਸਾਨੀ ਘਰ ਦਾ ਸ਼ਿੰਗਾਰ ਬਣਨ ਦੇ ਯੋਗ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਂਦੇ ਦਿਨਾਂ ਵਿੱਚ ਕਿਸਾਨ ਆਪਣੇ ਖੇਤੀ ਰੁਝੇਵਿਆਂ ਨੂੰ ਵਿਉਂਤਣ ਲਈ ਪੀਏਯੂ ਦੇ ਹੋਰ ਸਾਹਿਤ ਵਾਂਗ ਖੇਤੀਬਾੜੀ ਡਾਇਰੀ ਤੋਂ ਵੀ ਸਹਿਯੋਗ ਲੈਣਗੇ। ਇਸ ਮੌਕੇ ਡਾ. ਜਸਕਰਨ ਸਿੰਘ ਮਾਹਲ, ਡਾ. ਗੁਰਵਿੰਦਰ ਸਿੰਘ, ਦਿਲਰਾਜ ਸਿੰਘ ਅਤੇ ਕਰੁਨੇਸ਼ ਗਰਗ ਵੀ ਮੌਜੂਦ ਸਨ। -ਖੇਤਰੀ ਪ੍ਰਤੀਨਿਧ