ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਜੂਨ
ਪਾਵਰਕੌਮ ਵੱਲੋਂ ਇੰਡਸਟਰੀ ਦੇ ਵੱਲੋਂ ਲੋਡ ਜ਼ਿਆਦਾ ਚਲਾਉਣ ਦੇ ਮਾਮਲੇ ’ਚ ਇੱਕ ਸਾਲ ਦਾ ਜੁਰਮਾਨਾ ਲਾਏ ਜਾਣ ਦੇ ਵਿਰੋਧ ’ਚ ਵਪਾਰੀਆਂ ਨੇ ਫਿਰੋਜ਼ਪੁਰ ਰੋਡ ਸਥਿਤ ਪਾਵਰਕੌਮ ਦਫ਼ਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਕਾਰੋਬਾਰੀਆਂ ਤੇ ਵਪਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪਟਿਆਲਾ ’ਚ ਚੇਅਰਮੈਨ ਦੇ ਘਰ ਤੇ ਦਫ਼ਤਰ ਦੇ ਬਾਹਰ ਵੀ ਧਰਨਾ ਦਿੱਤਾ ਜਾਵੇਗਾ। ਇੱਥੋਂ ਦੇ ਕਾਰੋਬਾਰੀ ਜਸਵਿੰਦਰ ਠੁਕਰਾਲ ਨੇ ਦੱਸਿਆ ਕਿ ਚਾਹੇ ਕਿਸੇ ਇੰਡਸਟਰੀ ਨੇ ਲੋਡ 2 ਮਹੀਨੇ ਜ਼ਿਆਦਾ ਚਲਾਇਆ ਹੈ, ਉਸ ਨੂੰ ਵੀ ਸਾਲ ਭਰ ਦੇ ਬਿੱਲ ਦਾ ਦੁੱਗਣਾ ਜੁਰਮਾਨਾ ਪਾਇਆ ਗਿਆ ਹੈ, ਜੋ ਕਿ ਪ੍ਰਤੀ ਇੰਡਸਟਰੀ ਲੱਖਾਂ ਰੁਪਏ ਬਣ ਚੁੱਕਿਆ ਹੈ। ਸ੍ਰੀ ਠੁਕਰਾਲ ਨੇ ਕਿਹਾ ਕਿ ਇੰਡਸਟਰੀ ਪਹਿਲਾਂ ਹੀ ਮੰਦੀ ਦੇ ਦੌਰ ’ਚ ਚੱਲ ਰਹੀ ਹੈ। ਕਈ ਮਹੀਨਿਆਂ ਤੋਂ ਮਾਰਕੀਟ ਮੰਗ ਘੱਟ ਰਹੀ ਤੇ ਕੱਚੇ ਮਾਲ ਦਾ ਭਾਅ ਵਧਣ ਕਾਰਨ ਇੰਡਸਟਰੀ ਦੀ ਲਾਗਤ ਵੱਧ ਹੈ। ਅਜਿਹੇ ’ਚ ਇਸ ਤਰ੍ਹਾਂ ਦੇ ਫੈਸਲਿਆਂ ਨਾਲ ਇੰਡਸਟਰੀ ਬੇਹੱਦ ਪ੍ਰੇਸ਼ਾਨੀ ਦੇ ਦੌਰ ਵਿੱਚ ਆ ਜਾਵੇਗੀ।
ਟਰਾਂਸਫਾਰਮਰ ਰਖਵਾਉਣ ਲਈ ਐੱਸਡੀਓ ਨੂੰ ਮਿਲਿਆ ਵਫ਼ਦ
ਪਾਇਲ (ਦੇਵਿੰਦਰ ਸਿੰਘ ਜੱਗੀ): ਇਥੋਂ ਥੋੜ੍ਹੀ ਦੂਰ ਪਿੰਡ ਘੁਡਾਣੀ ਕਲਾਂ,ਘਲੋਟੀ ਤੇ ਰਾੜਾ ਸਾਹਿਬ ਦੇ ਬਿਜਲੀ ਪੈਣ ਕਾਰਨ, ਚੋਰੀ ਹੋਏ ਟਰਾਂਸਫਾਰਮਰਾਂ ਤੇ ਸੜੇ ਹੋਏ ਟਰਾਂਸਫਾਰਮਰਾਂ ਨੂੰ ਰਖਵਾਉਣ ਲਈ ਕਿਸਾਨਾਂ ਦਾ ਵਫ਼ਦ ਘੁਡਾਣੀ ਕਲਾਂ ਦੇ ਐੱਸਡੀਓ ਨੂੰ ਮਿਲਿਆ। ਇਸ ਸਮੱਸਿਆ ਨਾਲ ਮਹੀਨੇ ਤੋਂ ਵੱਧ ਸਮੇਂ ਤੋਂ ਖਪਤਕਾਰ ਪ੍ਰੇਸ਼ਾਨ ਹਨ। ਇਸ ਸਬੰਧੀ ਐੱਸਡੀਓ ਨੇ ਮੌਕੇ ’ਤੇ ਹੀ ਉਪਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਪਰ ਕੋਈ ਠੋਸ ਪ੍ਰਬੰਧ ਦਾ ਇੰਤਜ਼ਾਮ ਨਹੀਂ ਹੋ ਸਕਿਆ ਪਰ ਕਿਸਾਨ ਆਗੂਆ ਨੂੰ ਉਨ੍ਹਾਂ ਦੋ ਦਿਨਾਂ ਵਿੱਚ ਕੰਮ ਕਰਨ ਦਾ ਭਰੋਸਾ ਵੀ ਦਿੱਤਾ। ਆਗੂਆ ਨੇ ਕਿਹਾ ਕਿ ਸੜੇ, ਚੋਰੀ ਤੇ ਪਟਾਕੇ ਪਾਉਣ ਵਾਲੇ ਟਰਾਂਸਫਾਰਮਰਾਂ ਨੂੰ ਫੋਰੀ ਰੱਖਿਆ ਜਾਵੇ ਨਹੀਂ ਫਿਰ ਸ਼ੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ,ਰਵਨਦੀਪ ਸਿੰਘ ਘਲੋਟੀ,ਸਰਬਜੀਤ ਸਿੰਘ,ਹਰਜੀਤ ਸਿੰਘ ਘਲੋਟੀ,ਦਰਸ਼ਨ ਸਿੰਘ,ਨਿਰਮਲ ਸਿੰਘ,ਜੀਤਾ,ਕੁਲਦੀਪ ਸਿੰਘ ਜੀਵਨ ਸਿੰਘ ਸ਼ਾਮਲ ਸਨ।
15 ਤੋਂ ਸ਼ੁਰੂ ਕੀਤਾ ਸੀ ਧਰਨਾ
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇੰਡਸਟਰੀ ਦੇ ਕੋਲ ਸੰਘਰਸ਼ ਤੋਂ ਇਲਾਵਾ ਕੋਈ ਰਾਹ ਨਹੀਂ ਹੈ। 15 ਜੂਨ ਤੋਂ ਸ਼ੁਰੂ ਹੋਇਆ ਇਹ ਧਰਨਾ 18 ਜੂਨ ਸਵੇਰੇ 11 ਵਜੇ ਤੋਂ ਇੱਕ ਵਜੇ ਤੱਕ ਚੀਫ਼ ਇੰਜਨੀਅਰ ਦੇ ਦਫ਼ਤਰ ਦੇ ਬਾਹਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰੋਨਾ ਨਿਯਮਾਂ ਨੂੰ ਧਿਆਨ ’ਚ ਰੱਖ ਕੇ ਰੋਜ਼ਾਨਾ ਸਿਰਫ਼ 5 ਵਿਅਕਤੀ ਧਰਨੇ ’ਚ ਸ਼ਾਮਲ ਹੁੰਦੇ ਹਨ। ਧਰਨੇ ਦੇ ਦੂਸਰੇ ਦਿਨ ਜਸਵਿੰਦਰ ਠੁਕਰਾਲ, ਡੀਐਸ ਚਾਵਲਾ, ਅਮਰੀਕ ਸਿੰਘ ਤੇ ਇੰਦਰਜੀਤ ਸਿੰਘ ਸਮੇਤ ਇੰਡਸਟਰੀ ਦੇ ਨੁਮਾਇੰਦੇ ਸ਼ਾਮਲ ਹੋਏ।