ਗਗਨਦੀਪ ਅਰੋੜਾ
ਲੁਧਿਆਣਾ, 14 ਸਤੰਬਰ
ਪੁਲੀਸ ਨੇ ਦੀਵਾਲੀ ਤੋਂ ਪਹਿਲਾਂ ਰਿਹਾਇਸ਼ੀ ਤੇ ਤੰਗ ਇਲਾਕੇ ਵਿੱਚੋਂ ਪਟਾਕਿਆਂ ਦੇ ਨਾਜਾਇਜ਼ ਭੰਡਾਰ ਸਣੇ ਕਾਰੋਬਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਬੀਤੀ ਰਾਤ ਪੰਜ ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾ ਕੇ ਸ਼ਹਿਰ ਦੇ ਅੰਦਰੂਨੀ ਇਲਾਕੇ ਨਮਕ ਮੰਡੀ ਵਿੱਚੋਂ 180 ਪੇਟੀਆਂ ਪਟਾਕੇ ਬਰਾਮਦ ਕੀਤੇ ਹਨ। ਇਨ੍ਹਾਂ ਪਟਾਕਿਆਂ ਦੀ ਕੀਮਤ ਲੱਖਾਂ ਰੁਪਏ ਹੈ। ਮੁਲਜ਼ਮ ਨੇ ਗੁਦਾਮ ਦੇ ਬਾਹਰ ਹੀ ਸੜਕ ’ਤੇ ਪਟਾਕਿਆਂ ਦੀਆਂ ਪੇਟੀਆਂ ਤਰਪਾਲ ਪਾ ਕੇ ਢੱਕੀਆਂ ਹੋਈਆਂ ਸਨ। ਪੁਲੀਸ ਨੇ ਲੂਣ ਮੰਡੀ ਵਾਸੀ ਸੰਜੈ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੰਜੈ ਹੋਲਸੇਲ ਪਟਾਕਾ ਕਾਰੋਬਾਰੀ ਐਸੋਸੇਈਸ਼ੇਨ ਦਾ ਪ੍ਰਧਾਨ ਵੀ ਹੈ, ਜਿਸ ਨੇ ਪੈਸਿਆਂ ਖਾਤਰ ਪੂਰੇ ਇਲਾਕੇ ਦੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਪੈ ਰੱਖੀ ਸੀ।
ਜਾਣਕਾਰੀ ਅਨੁਸਾਰ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਸੂਹ ਮਿਲੀ ਸੀ ਕਿ ਮੁਲਜ਼ਮ ਸੰਜੈ ਨੇ ਆਪਣੀ ਦੁਕਾਨ ਅਤੇ ਨੇੜਲੇ ਇਲਾਕੇ ਵਿੱਚ ਵੱਡੀ ਗਿਣਤੀ ’ਚ ਪਟਾਕੇ ਜਮ੍ਹਾਂ ਕਰ ਕੇ ਰੱਖੇ ਹਨ ਅਤੇ ਉਸ ਕੋਲ ਅਜੇ ਤੱਕ ਪਟਾਕੇ ਵੇਚਣ ਦਾ ਲਾਇਸੈਂਸ ਵੀ ਨਹੀਂ ਹੈ।
ਇਸ ਮਗਰੋਂ ਪੁਲੀਸ ਨੇ ਛਾਪਾ ਮਾਰ ਕੇ ਪਟਾਕਿਆਂ ਦੇ ਭੰਡਾਰ ਸਣੇ ਮੁਲਜ਼ਮ ਸੰਜੈ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਜਿਸ ਸੜਕ ’ਤੇ ਪਟਾਕੇ ਰੱਖੇ ਗਏ ਸਨ ਉੱਥੇ 6 ਤੋਂ 8 ਫੁੱਟ ਦੀਆਂ ਤੰਗ ਗਲੀਆਂ ਹਨ, ਜਿੱਥੇ ਕੋਈ ਹਾਦਸਾ ਵਾਪਰਨ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਨਹੀਂ ਪੁੱਜ ਸਕਦੀ। ਪੁਲੀਸ ਵੱਲੋਂ ਬਰਾਮਦ ਕੀਤੇ ਗਏ ਪਟਾਕਿਆਂ ਦੀ ਕੀਮਤ ਲਗਭਗ 20 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲੀਸ ਨੇ ਦੇਰ ਰਾਤ ਹੀ ਪਟਾਕਿਆਂ ਨੂੰ ਸੜਕ ਤੋਂ ਚੁਕਵਾ ਕੇ ਕਰੀਬ 1 ਵਜੇ ਥਾਣਾ ਕੋਤਵਾਲੀ ’ਚ ਰਖਵਾਇਆ ਅਤੇ ਪੂਰੀ ਮੁਹਿੰਮ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਗਈ। ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਪਹਿਲ ਦੇ ਆਧਾਰ ’ਤੇ ਹੈ।
ਉਨ੍ਹਾਂ ਲੋਕਾਂ ਨੂੰ ਪੁਲੀਸ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਬਿਨਾਂ ਲਾਇਸੈਂਸ ਜਾਂ ਕਿਸੇ ਸੁਰੱਖਿਆ ਦੇ ਬਾਜ਼ਾਰ ਵਿੱਚ ਪਟਾਕੇ ਨਾ ਰੱਖੇ ਜਾਣ।
ਗੁੜ ਮੰਡੀ ਵਿੱਚ ਪਹਿਲਾਂ ਵੀ ਪਟਾਕਿਆਂ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ
ਇਸੇ ਇਲਾਕੇ ਦੇ ਨਾਲ ਲੱਗਦੀ ਗੁੜ ਮੰਡੀ ਵਿੱਚ ਕਰੀਬ 27 ਸਾਲ ਪਹਿਲਾਂ ਪਟਾਕਿਆਂ ਨੂੰ ਅੱਗ ਲੱਗੀ ਸੀ, ਜਿਸ ਕਾਰਨ ਬਹੁਤ ਵੱਡਾ ਹਾਦਸਾ ਹੋਇਆ ਸੀ। ਇਸ ਤੋਂ ਬਾਅਦ ਹੀ ਪੁਲੀਸ ਹਰਕਤ ’ਚ ਆਈ ਹੈ ਤੇ ਦੀਵਾਲੀ ਦੇ ਦਿਨਾਂ ’ਚ ਕਿਸੇ ਨੂੰ ਰਿਹਾਇਸ਼ੀ ਤੇ ਅੰਦਰੂਨੀ ਬਾਜ਼ਾਰਾਂ ’ਚ ਪਟਾਕੇ ਰੱਖਣ ਦੇ ਹੁਕਮ ਨਹੀਂ ਹਨ। ਹੁਣ ਜਿਸ ਬਾਜ਼ਾਰ ’ਚ ਪਟਾਕੇ ਸਟੋਰ ਕੀਤੇ ਪਾਏ ਗਏ ਹਨ, ਇੱਥੇ ਜੇਕਰ ਅੱਗ ਲੱਗ ਜਾਵੇ ਤਾਂ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਵੀ ਸਮਾਂ ਰਹਿੰਦੇ ਅੱਗ ’ਤੇ ਕਾਬੂ ਨਹੀਂ ਪਾ ਸਕਦੀਆਂ। ਅੰਦਰੂਨੀ ਇਲਾਕਾ ਹੋਣ ਕਾਰਨ ਇੱਥੇ ਅਕਸਰ ਹਜ਼ਾਰਾਂ ਲੋਕਾਂ ਦਾ ਆਉਣਾ ਜਾਂਦਾ ਹੁੰਦਾ ਹੈ। ਉਧਰ, ਰੋਜ਼ਾਨਾ ਲੱਖਾਂ ਰੁਪਏ ਦਾ ਕਾਰੋਬਾਰ ਚਾਵਲ, ਆਟਾ, ਤੇਲ ਆਦਿ ਵੇਚਣ ਵਾਲੇ ਕਰਦੇ ਹਨ। ਕਈ ਦੁਕਾਨਦਾਰਾਂ ਨੇ ਕਿਹਾ ਕਿ ਪੁਲੀਸ ਵੱਲੋਂ ਸਮਾਂ ਰਹਿੰਦੀਆਂ ਕੀਤੀ ਗਈ ਕਾਰਵਾਈ ਸ਼ਲਾਘਾਯੋਗ ਹੈ।