ਗੁਰਿੰਦਰ ਸਿੰਘ
ਲੁਧਿਆਣਾ, 15 ਜੂਨ
ਬਹੁਜਨ ਸਮਾਜ ਪਾਰਟੀ ਵੱਲੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ ਕਰਕੇ ਉਸ ’ਤੇ ਐੱਸਸੀ/ ਐੱਸਟੀ ਐਕਟ, ਬਸਪਾ ਬਾਰੇ ਸੋਸ਼ਲ ਮੀਡੀਆ ਉੱਤੇ ਦੂਸ਼ਣਬਾਜੀ ਕਰਕੇ ਬਦਨਾਮ ਕਰਨ ਅਤੇ ਪੰਜਾਬ ਦਾ ਸ਼ਾਂਤਮਈ ਮਾਹੌਲ ਖਰਾਬ ਕਰਨ ਦੇ ਜੁਰਮ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਵਿੱਚ ਡੱਕਣ ਦੀ ਮੰਗ ਕੀਤੀ ਗਈ ਹੈ। ਜ਼ਿਲ੍ਹਾ ਪ੍ਰਧਾਨ ਜੀਤ ਰਾਮ ਬਸਰਾ ਦੀ ਅਗਵਾਈ ਹੇਠ ਵਰਕਰਾਂ ਨੇ ਪੁਲੀਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਚਿਤਾਵਨੀ ਵੀ ਦਿੱਤੀ ਹੈ ਕਿ ਜੇ ਇਸ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਨਸਾਫ਼ ਲਈ ਸੰਘਰਸ਼ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਵੋਗਾ। ਇਸ ਮੌਕੇ ਜੀਤਰਾਮ ਬਸਰਾ ਨੇ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਨੇ ਆਪਣੇ ਫੇਸਬੁੱਕ ਪੇਜ ਉੱਤੇ 12 ਜੂਨ ਨੂੰ 4 ਮਿੰਟ ਦੀ ਵੀਡੀਓ ਵਿੱਚ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਮੁਹਾਲੀ ਬਾਰੇ ਸਮੁੱਚੇ ਦਲਿਤਾਂ ਅਤੇ ਪਛੜੇ ਵਰਗਾਂ ਨੂੰ ਲੈ ਕੇ ਜਾਤੀ ਅਪਮਾਨ ਵਾਲੀਆਂ ਨਿੰਦਣਯੋਗ ਟਿੱਪਣੀਆਂ ਕੀਤੀਆਂ ਹਨ। 300 ਕਰੋੜ ਰੁਪਏ ਦੇ ਚੋਣ ਫੰਡ ਦੀ ਮਨਘੜ੍ਹਤ ਕਹਾਣੀ ਘੜ ਕੇ ਬਹੁਜਨ ਸਮਾਜ ਪਾਰਟੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿੱਟੂ ਦੀ ਇਹ ਵੀਡੀਓ ਕਲਿਪ ਪੰਜਾਬ ਦਾ ਸ਼ਾਂਤਮਈ ਮਾਹੌਲ ਖਰਾਬ ਕਰਕੇ ਧਾਰਮਿਕ ਤੇ ਜਾਤੀ ਨਫ਼ਰਤ ਪੈਦਾ ਕਰਦਿਆਂ ਫ਼ਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪਰਚਾ ਦਰਜ ਕਰਕੇ ਬਿੱਟੂ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇ। ਇਸ ਮੌਕੇ ਭੁਪਿੰਦਰ ਸਿੰਘ ਜੋੜਾ (ਜ਼ੋਨ ਇੰਚਾਰਜ), ਨਿਰਮਲ ਸਿੰਘ ਸਯਾ(ਜ਼ੋਨ ਇੰਚਾਰਜ), ਜ਼ਿਲ੍ਹਾ ਇੰਚਾਰਜ ਸੁਰਿੰਦਰ ਹੀਰਾ, ਮਨਜੀਤ ਸਿੰਘ ਬਾੜੇਵਾਲ, ਜਸਪਾਲ ਭੌਰਾ ਹਾਜ਼ਰ ਸਨ।