ਗਗਨਦੀਪ ਅਰੋੜਾ
ਲੁਧਿਆਣਾ, 6 ਅਪਰੈਲ
ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਬੀਤੇ ਕੁਝ ਸਮੇਂ ਤੋਂ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ) ਦੀਆਂ ਅੰਡਰ ਗਰਾਊਂਡ ਤਾਰਾਂ ਨੂੰ ਚੋਰੀ ਕਰਨ ਵਾਲੇ ਗਰੋਹ ਨੂੰ ਲੁਧਿਆਣਾ ਪੁਲੀਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਗਰੋਹ ਦੇ 8 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕੋਲੋਂ ਚੋਰੀ ਲਈ ਵਰਤੀ ਜਾਣ ਵਾਲੀ ਬੋਲੈਰੋ ਗੱਡੀ ਬਰਾਮਦ ਹੋਈ ਹੈ। ਇਸ ਗਰੋਹ ਦੇ ਦੋ ਮੁੱਖ ਮੈਂਬਰਾਂ ਸਮੇਤ ਮਾਲ ਖਰੀਦਣ ਵਾਲਾ ਕਬਾੜੀਆ ਵੀ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ। ਜਾਣਕਾਰੀ ਮੁਤਾਬਿਕ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ 11 ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਗਰੋਹ ਦੇ 10 ਮੁਲਜ਼ਮ ਦਿੱਲੀ ਦੇ ਰਹਿਣ ਵਾਲੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਨੂੰ ਗੁਪਤ ਸੂਚਨਾ ਮਿਲਣ ’ਤੇ ਪੁਲੀਸ ਨੇ 5 ਅਪਰੈਲ ਨੂੰ ਕੋਚਰ ਮਾਰਕੀਟ ’ਚ ਨਾਕਾਬੰਦੀ ਕਰ ਇੱਕ ਗੱਡੀ ਨੂੰ ਰੋਕਿਆ ਤੇ ਉਸ ਵਿੱਚਸਵਾਰ 8 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੁਹੰਮਦ ਅਨਵਰ, ਮੁਹੰਮਦ ਇਸਤਾਖਰ, ਨਦੀਮ ਮੁਹੰਮਦ, ਮੁਹੰਮਦ ਹਨਾਨ ਉਰਫ਼ ਅੰਨਾ, ਮੁਹੰਮਦ ਖਾਲਿਦ, ਪੱਪੂ ਸਾਰੇ ਵਾਸੀ ਦਿੱਲੀ, ਅਜੀਤ ਵਮਰਨ ਵਾਸੀ ਬੰਗਾਲ ਤੇ ਡਰਾਈਵਰ ਰੋਹਿਤ ਕੁਮਾਰ ਵਾਸੀ ਸੰਗਮ ਵਿਹਾਰ ਦਿੱਲੀ ਵਜੋਂ ਹੋਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੀ ਗੱਡੀ ਵਿੱਚੋਂ 65 ਕਿੱਲੋ ਤਾਰ ਵੀ ਬਰਾਮਦ ਹੋਈ ਹੈ। ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਅਨਵਰ ਤੇ ਰੋਹਿਤ ਹਾਲੇ ਤੱਕ ਲੁਧਿਆਣਾ ’ਚ 6, ਅੰਮ੍ਰਿਤਸਰ ’ਚ 2 ਤੇ ਜਲੰਧਰ ’ਚ ਇੱਕ ਥਾਂ ਤੋਂ ਬੀਐੱਸਐੱਨਐੱਲ ਦੀ ਤਾਰ ਚੋਰੀ ਕਰ ਚੁੱਕੇ ਹਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਗਰੋਹ ਦਾ ਮੁੱਖ ਸਰਗਨਾ ਸੰਜੀਵ ਵਰਮਨ ਤੇ ਰਜਿੰਦਰ ਮਹੰਤੋ ਹੈ। ਸੰਜੀਵ ਦਿੱਲੀ ਤੇ ਰਜਿੰਦਰ ਮਹੰਤੋ ਪਿੰਡ ਬਿਲਾਸਪੁਰ ਕਾਰਖੂਨਗਰ ਦਾ ਰਹਿਣ ਵਾਲਾ ਹੈ। ਇਹ ਸਾਰੇ ਪੰਜਾਬ ਆ ਕੇ ਵੱਖ-ਵੱਖ ਜ਼ਿਲ੍ਹਿਆਂ ’ਚ ਤਾਰਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਸਨ। ਇਸ ਮਗਰੋਂ ਜਾਅਲੀ ਪਛਾਣ ਪੱਤਰ ਤਿਆਰ ਕਰਦੇ ਤੇ ਰਾਤ ਵੇਲੇ ਖੁਦਾਈ ਕਰਕੇ ਤਾਰ ਚੋਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਚੋਰੀ ਕੀਤੀ ਤਾਰ ਨੂੰ ਇਹ ਦਿੱਲੀ ਦੇ ਨਹਿਰੂ ਪੈਲੇਸ ਕਾਲਕਾ ’ਚ ਇਕਬਾਲ ਕਬਾੜੀਏ ਨੂੰ ਵੇਚ ਦਿੰਦੇ ਸਨ। ਇਹ ਤਿੰਨੇ ਮੁਲਜ਼ਮ ਫਿਲਹਾਲ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ, ਜਿਨ੍ਹਾਂ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ।