ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਅਗਸਤ
ਇੱਥੇ ਸਾਲੇ ਨੇ ਆਪਣੇ ਜੀਜੇ ਦੇ ਘਰੋਂ ਲੱਖਾਂ ਰੁਪਏ ਦੀ ਨਗਦੀ ਤੇ 90 ਤੋਲੇ ਦੇ ਕਰੀਬ ਸੋਨਾ ਚੋਰੀ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਦੇ ਏਐਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤਕਰਤਾ ਸੁਰਿੰਦਰ ਕੁਮਾਰ ਨੇ ਕਿਹਾ ਕਿ ਉਸ ਦੇ ਛੋਟੇ ਲੜਕੇ ਨਿਸ਼ਾਂਤ ਗਰਗ ਦਾ ਵਿਆਹ 30 ਜੁਲਾਈ 2021 ਨੂੰ ਅਰਸ਼ਿਆ ਨਾਲ ਹੋਇਆ ਸੀ। 6 ਜੂਨ ਨੂੰ ਉਹ ਕਿਸੇ ਰਿਸ਼ਤੇਦਾਰੀ ਵਿਚ ਪਰਿਵਾਰ ਸਣੇ ਭੋਗ ’ਤੇ ਗਏ ਹੋਏ ਸਨ। ਘਰ ਵਿਚ ਉਸ ਦਾ ਲੜਕਾ ਨਿਸ਼ਾਂਤ ਤੇ ਨੂੰਹ ਅਰਸ਼ੀਆ ਸਨ। ਉਹ ਜਦੋਂ ਵਾਪਸ ਆਏ ਤਾਂ ਘਰ ਅੰਦਰ ਸਾਮਾਨ ਖਿਲਰਿਆ ਪਿਆ ਸੀ। ਇਸ ਸਬੰਧੀ ਨਿਸ਼ਾਂਤ ਨੇ ਕਿਹਾ ਕਿ ਉਸ ਦੀ ਪਤਨੀ ਦਾ ਭਰਾ ਅੰਕੁਸ਼ ਸਿੰਗਲਾ ਆਇਆ ਸੀ। ਉਹ ਅੰਕੁਸ਼ ਨੂੰ ਮਿਲ ਕੇ ਆਪਣੇ ਕਮਰੇ ਵਿੱਚ ਸੌਂ ਗਿਆ। ਉਹ ਜਦੋਂ ਸਵੇਰੇ ਉੱਠਿਆ ਤਾਂ ਉਸ ਦੀ ਪਤਨੀ ਅਤੇ ਸਾਲਾ ਘਰ ਵਿਚ ਨਹੀਂ ਸਨ ਤੇ ਘਰ ਦਾ ਸਾਮਾਨ ਖਿਲਰਿਆ ਪਿਆ ਸੀ। ਉਸ ਨੇ ਜਦੋਂ ਦੇਖਿਆ ਤਾਂ ਅਲਮਾਰੀ ਵਿੱਚੋਂ 11 ਲੱਖ ਰੁਪਏ ਨਗਦ, 90 ਤੋਲੇ ਸੋਨਾ, ਨਿਸ਼ਾਂਤ ਦਾ ਪਾਸਪੋਰਟ, ਪੀਆਰ ਕੈਨੇਡਾ ਹੈਲਥ ਕਾਰਡ ਗਾਇਬ ਸਨ। ਪੁਲੀਸ ਅਧਿਕਾਰੀਆਂ ਨੇ ਅਰਸ਼ੀਆ, ਉਸ ਦੇ ਭਰਾ ਅੰਕੁਸ਼ ਸਿੰਗਲਾ, ਮਾਤਾ ਪੂਨਮ ਸਿੰਗਲਾ ਅਤੇ ਪਿਤਾ ਪ੍ਰਵੀਨ ਸਿੰਗਲਾ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।