ਨਿੱਜੀ ਪੱਤਰ ਪ੍ਰੇਰਕ
ਖੰਨਾ, 9 ਅਪਰੈਲ
ਇਥੋਂ ਦੀ ਬਿੱਲਾਂ ਵਾਲੀ ਛੱਪੜੀ ਵਿੱਚ ਨਸ਼ੇੜੀਆਂ ਦੇ ਦੋ ਗੁੱਟਾਂ ਵਿਚਕਾਰ ਇੱਟਾਂ-ਪੱਥਰ ਚੱਲੇ, ਜੋ ਆਲੇ ਦੁਆਲੇ ਦੁਕਾਨਾਂ ਵਿਚ ਵੀ ਜਾ ਵੱਜੇ। ਇਸ ਕਾਰਨ ਲੋਕਾਂ ਅਤੇ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਇਹ ਇਲਾਕਾ ਹੁਣ ਨਸ਼ੇੜੀਆਂ ਦਾ ਗੜ੍ਹ ਬਣ ਚੁੱਕਾ ਹੈ, ਜੋ ਰੋਜ਼ਾਨਾ ਕੋਈ ਨਾ ਕੋਈ ਤਮਾਸ਼ਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਲੜਾਈ ਵਿਚ ਇਕ ਸਕੂਟਰੀ ’ਤੇ ਜਾ ਰਹੀ ਲੜਕੀ ਦੇ ਵੀ ਇੱਟ ਲੱਗੀ ਤੇ ਉਹ ਜ਼ਖ਼ਮੀ ਹੋ ਗਈ। ਇਸ ਮੌਕੇ ਦੁਕਾਨਦਾਰ ਗੁਰਸਿਮਰਨ ਸਿੰਘ, ਰਾਜ ਕੁਮਾਰ, ਸੁਭਾਸ਼, ਚਰਨਜੀਤ ਸਿੰਘ, ਜਗਦੀਸ਼ ਸਿੰਘ, ਹਰਵਿੰਦਰ ਸਿੰਘ ਨੇ ਪੁਲੀਸ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਥੇ ਰੋਜ਼ਾਨਾ ਹੁੰਦੇ ਝਗੜਿਆਂ ਦਾ ਅਸਰ ਉਨ੍ਹਾਂ ਦੀ ਦੁਕਾਨਦਾਰੀ ’ਤੇ ਵੀ ਪੈਂਦਾ ਹੈ, ਇਸ ਦੀ ਸ਼ਿਕਾਇਤ ਉਨ੍ਹਾਂ ਕਈ ਵਾਰ ਪੁਲੀਸ ਕੋਲ ਕੀਤੀ ਹੈ ਪਰ ਕੋਈ ਸੁਣਵਾਈ ਨਹੀਂ ਹੁੰਦੀ। ਇਸ ਸਬੰਧੀ ਏ.ਐੱਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਰਿਪੋਰਟ ਦਰਜ ਕੀਤੀ ਗਈ ਹੈ, ਜੋ ਲੋਕ ਇੱਟਾਂ ਪੱਥਰ ਚਲਾ ਰਹੇ ਸਨ, ਨੂੰ ਥਾਣੇ ਬੁਲਾਇਆ ਗਿਆ ਹੈੈ।