ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਸਤੰਬਰ
ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ਵਿੱਚ ਬੁੱਧਵਾਰ ਦੀ ਦੁਪਹਿਰ ਨੂੰ ਉਸ ਵੇਲੇ ਸਥਿਤੀ ਬੇਕਾਬੂ ਹੋ ਗਈ, ਜਦੋਂ ਜੇਲ੍ਹ ਵਿੱਚ ਬੰਦ ਦੋ ਧੜਿਆਂ ਵਿਚਾਲੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੱਥੋਪਾਈ ਹੋ ਗਈ। ਇਸ ਕੁੱਟਮਾਰ ਦੌਰਾਨ ਇੱਕ ਧੜੇ ਦੇ ਤਿੰਨ ਲੋਕ ਜ਼ਖ਼ਮੀ ਹੋ ਗਏ, ਜੋ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤ ਕੇ ਵਾਪਸ ਬੈਰਕ ’ਚ ਪਰਤ ਰਹੇ ਸਨ। ਸੂਤਰਾਂ ਅਨੁਸਾਰ ਦੋਹਾਂ ਧੜਿਆਂ ’ਚ ਇੱਟਾਂ ਪੱਥਰ ਵੀ ਚਲੇ। ਮਾਹੌਲ ਤਣਾਅਪੂਰਨ ਹੁੰਦਾ ਦੇਖ ਜੇਲ੍ਹ ਪ੍ਰਸ਼ਾਸਨ ਨੇ ਇਸਦੀ ਜਾਣਕਾਰੀ ਜ਼ਿਲ੍ਹਾ ਪੁਲੀਸ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲੀਸ ਮੌਕੇ ’ਤੇ ਪੁੱਜ ਗਈ, ਜਿਨ੍ਹਾਂ ਦੇ ਪੁੱਜਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਪੁਲੀਸ ਦਾ ਕਹਿਣਾ ਹੈ ਕਿ ਹਾਲੇ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ, ਜਦੋਂ ਸ਼ਿਕਾਇਤ ਮਿਲੇਗੀ ਤਾਂ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਲਖਨ, ਰਾਜਾ, ਅੰਕਿਤ ਦੀ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਸੀ। ਬੁੱਧਵਾਰ ਨੂੰ ਦੁਪਹਿਰ ਨੂੰ ਪੇਸ਼ੀ ਤੋਂ ਬਾਅਦ ਉਹ ਬੈਰਕ ’ਚ ਪਰਤ ਰਹੇ ਸਨ ਤਾਂ ਉਨ੍ਹਾਂ ਦਾ ਵਿਰੋਧੀ ਦੂਜਾ ਧੜਾ ਬਾਹਰ ਬੈਠਾ ਸੀ। ਇਸ ਦੌਰਾਨ ਉਨ੍ਹਾਂ ਨੇ ਅਚਾਨਕ ਹਮਲਾ ਕਰ ਦਿੱਤਾ। ਦੋਵਾਂ ’ਚ ਹੱਥੋਪਾਈ ਹੋਈ। ਚਰਚਾ ਹੈ ਕਿ ਮੁਲਜ਼ਮਾਂ ’ਚ ਇੱਟਾਂ ਪੱਥਰ ਵੀ ਚੱਲੇ। ਜੇਲ੍ਹ ਦੇ ਮੁਲਾਜ਼ਮਾਂ ਨੇ ਮੁਲਜ਼ਮਾਂ ਵਿੱਚ ਬਚਾਅ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮੁਲਜ਼ਮ ਨਾ ਹਟੇ ਤੇ ਜਦੋਂ ਸਥਿਤੀ ਕਾਬੂ ਤੋਂ ਬਾਹਰ ਹੋਣ ਲੱਗੀ ਤਾਂ ਜੇਲ੍ਹ ਪ੍ਰਸ਼ਾਸਨ ਨੇ ਜ਼ਿਲ੍ਹਾ ਪੁਲੀਸ ਨੂੰ ਇਸਦੀ ਜਾਣਕਾਰੀ ਦਿੱਤੀ।