ਪੱਤਰ ਪ੍ਰੇਰਕ
ਜਗਰਾਉਂ, 6 ਜੂਨ
ਇੱਥੇ ਕੋਠੇ ਰਾਹਲਾਂ ਵਿੱਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਨੇ ਲੁੱਟ ਦੀ ਨੀਅਤ ਨਾਲ ਆਏ ਲੁਟੇਰਿਆਂ ਨੂੰ ਹਿੰਮਤ ਅਤੇ ਦਲੇਰੀ ਦਿਖਾਉਂਦਿਆਂ ਮੌਕੇ ਤੋਂ ਭੱਜਣ ਲਈ ਮਜਬੂਰ ਕਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਦੁਕਾਨਦਾਰ ਭੁਪਿੰਦਰ ਸਿੰਘ ਬੰਟੀ ਨੇ ਦੱਸਿਆ ਕਿ ਉਹ ਬਾਅਦ ਦੁਪਹਿਰ ਆਪਣੀ ਦੁਕਾਨ ’ਤੇ ਬੈਠਾ ਸੀ। ਇਸ ਦੌਰਾਨ ਦੁਕਾਨ ਦੇ ਅੱਗੇ ਕਾਰ ਵਿੱਚ ਪੰਜ ਨੌਜਵਾਨ ਪੁੱਜੇ। ਉਨ੍ਹਾਂ ਵਿੱਚੋਂ ਦੋ ਜਣੇ ਦੁਕਾਨ ਅੰਦਰ ਆਏ। ਉਨ੍ਹਾਂ ਦੋਵਾਂ ਦੇ ਮੂੰਹ ਕਾਲੇ ਰੰਗ ਦੇ ਕੱਪੜੇ ਨਾਲ ਢਕੇ ਹੋਏ ਸਨ। ਦੁਕਾਨ ਅੰਦਰ ਦਾਖ਼ਲ ਹੋ ਕੇ ਉਨ੍ਹਾਂ ਨੇ ਆਪਣੀਆਂ ਡੱਬਾਂ ਵਿੱਚੋਂ ਪਿਸਤੌਲ ਵਰਗਾ ਹਥਿਆਰ ਕੱਢ ਕੇ ਦੁਕਾਨਦਾਰ ’ਤੇ ਤਾਣ ਲਿਆ। ਨੌਜਵਾਨਾਂ ਨੇ ਦੁਕਾਨਦਾਰ ਨੂੰ ਅਸਲੇ ਦਾ ਡਰ ਦੇ ਕੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ। ਇਸ ਦੌਰਾਨ ਉਸ ਨੇ ਫੁਰਤੀ ਨਾਲ ਦੋਵਾਂ ਵਿੱਚੋਂ ਇੱਕ ਨੂੰ ਧੱਕਾ ਮਾਰ ਕੇ ਦੁਕਾਨ ਤੋਂ ਬਾਹਰ ਜੇ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਦੁਕਾਨਦਾਰ ਨੇ ਸੜਕ ’ਤੇ ਪਏ ਰੋੜੇ ਲੁਟੇਰਿਆਂ ਵੱਲ ਮਾਰਨੇ ਸ਼ੁਰੂ ਕਰ ਦਿੱਤੇ। ਇਹ ਦੇਖ ਕੇ ਲੁੱਟਣ ਦੇ ਮਕਸਦ ਨਾਲ ਆਏ ਕਾਰ ਸਵਾਰ ਨੌਜਵਾਨ ਮੌਕੇ ਤੋਂ ਭੱਜਣ ਲਈ ਮਜਬੂਰ ਹੋ ਗਏ। ਦੁਕਾਨ ਅੰਦਰ ਗਏ ਦੋਵੇਂ ਨੌਜਵਾਨ ਜਦੋਂ ਕਾਰ ਵੱਲ ਭੱਜੇ ਤਾਂ ਬੰਟੀ ਨੇ ਕੁੱਝ ਰੋੜੇ ਉਨ੍ਹਾਂ ਵੱਲ ਵੀ ਮਾਰੇ। ਉਸ ਨੇ ਦੱਸਿਆ ਕਿ ਲੁਟੇਰਿਆਂ ਦੀ ਕਾਰਨ ਦੇ ਪਿਛਲੇ ਪਾਸੇ ਨੰਬਰ ਪਲੇਟ ਨਾ ਲੱਗੀ ਹੋਣ ਕਾਰਨ ਉਹ ਨੰਬਰ ਨਹੀਂ ਨੋਟ ਕਰ ਸਕਿਆ। ਪੁਲੀਸ ਨੇ ਭੁਪਿੰਦਰ ਸਿੰਘ ਵੱਲੋਂ ਲਿਖਾਏ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।