ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸੂਬਾ ਪੱਧਰੀ ਮੁਕਾਬਲਿਆਂ ਵਿੱਚੋਂ ਚਾਰ ਖੇਡਾਂ ਹੈਂਡਬਾਲ, ਜੂਡੋ, ਸਾਫਟਵਾਲ ਅਤੇ ਬਾਸਕਟਬਾਲ ਦੇ ਮੁਕਾਬਲੇ ਲੁਧਿਆਣਾ ਵਿੱਚ ਕਰਵਾਏ ਜਾ ਰਹੇ ਹਨ। ਅੱਜ ਹੋਏ ਮੈਚਾਂ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਸਾਫਟਬਾਲ ਅੰਡਰ-14 ਲੜਕੀਆਂ ਦੀਆਂ ਟੀਮਾਂ ਦੇ ਹੋਏ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਅੰਮ੍ਰਿਤਸਰ ਦੀ ਟੀਮ ਨੂੰ 10-0 ਨਾਲ ਹਰਾ ਕਿ ਪਹਿਲਾ, ਅੰਮ੍ਰਿਤਸਰ ਨੇ ਦੂਜਾ, ਜਦਕਿ ਮੋਗਾ ਨੇ ਸੰਗਰੂਰ ਨੂੰ 13-2 ਅੰਕਾਂ ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਇਸੇ ਵਰਗ ’ਚ ਲੁਧਿਆਣਾ ਦੀ ਟੀਮ ਨੇ ਫਾਈਨਲ ਵਿੱਚ ਪਟਿਆਲਾ ਨੂੰ 12-6 ਅੰਕਾਂ ਦੇ ਫਰਕ ਨਾਲ ਹਰਾ ਕੇ ਪਹਿਲਾ, ਪਟਿਆਲਾ ਨੇ ਦੂਜਾ, ਜਦਕਿ ਫਾਜ਼ਿਲਕਾ ਨੇ ਮੋਗਾ ਨੂੰ 4-3 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ’ਚ ਹੈਂਡਬਾਲ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਸੰਗਰੂਰ ਨੂੰ 20-18 ਅੰਕਾਂ ਦੇ ਫਰਕ ਨਾਲ ਹਰਾਇਆ। ਲੜਕੀਆਂ ਦੇ ਕੁਆਟਰ ਫਾਈਨਲ ਮੈਚਾਂ ਵਿੱਚ ਮਾਨਸਾ ਨੇ ਫਤਹਿਗੜ੍ਹ ਸਾਹਿਬ ਨੂੰ 17-1 ਨਾਲ ਜਦਕਿ ਪਟਿਆਲਾ ਨੇ ਫਿਰੋਜ਼ਪੁਰ ਨੂੰ 6-3 ਅੰਕਾਂ ਦੇ ਫਰਕ ਨਾਲ ਹਰਾਇਆ। ਜੂਡੋ ਅੰਡਰ-14 ਲੜਕੀਆਂ ਦੇ 48 ਕਿਲੋ ਤੋਂ ਘੱਟ ਵਰਗ ’ਚ ਵੰਸ਼ਿਕਾ, 52 ਕਿਲੋ ਤੋਂ ਘੱਟ ’ਚ ਸਾਂਚੀ ਗੋਇਲ, 57 ਕਿਲੋ ਤੋਂ ਘੱਟ ’ਚ ਇਸ਼ਮੀਤ ਕੌਰ, 57 ਕਿਲੋ ਤੋਂ ਵੱਧ ’ਚ ਆਰਸੀ ਨੰਦਾ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਲੜਕਿਆਂ ਦੇ ਇਸੇ ਵਰਗ ’ਚ 30 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਮੋਹਿਤ, 35 ਕਿਲੋ ਤੋਂ ਘੱਟ ’ਚ ਜਤਿਨ, 40 ਕਿਲੋ ਤੋਂ ਘੱਟ ’ਚ ਸਾਰਥ ਸ਼ਰਮਾ, 50 ਕਿਲੋ ਤੋਂ ਘੱਟ ’ਚ ਅਰਜੁਨ ਸਿੰਘ, 55 ਕਿਲੋ ਤੋਂ ਘੱਟ ’ਚ ਚੇਤਨ ਵਾਲੀਆ, 60 ਕਿਲੋ ਤੋਂ ਘੱਟ ਵਿੱਚ ਪ੍ਰਨਵ ਸ਼ਰਮਾ, ਜਦਕਿ 66 ਕਿਲੋ ਤੋਂ ਉਪਰ ਵਰਗ ਵਿੱਚ ਰਾਮ ਕੁਮਾਰ ਨੇ ਪਹਿਲੇ ਸਥਾਨ ਹਾਸਲ ਕੀਤੇ।