ਪੱਤਰ ਪ੍ਰੇਰਕ
ਜਗਰਾਉਂ, 9 ਅਕਤੂਬਰ
ਇੱਥੇ ਵਾਪਰੀ ਅਜੀਬ ਘਟਨਾ ’ਚ ਵਿਆਹ ’ਚ ਦੇਰੀ ਹੋਣ ’ਤੇ ਵਿਆਹ ਕਰਵਾਉਣ ਲਈ ਐਡਵਾਂਸ ’ਚ ਦਿੱਤੇ ਪੈਸਿਆਂ ਲਈ ਲੜਕੇ ਵਾਲਿਆਂ ਨੇ ਲੜਕੀ ਵਾਲਿਆਂ ਦਾ ਲੜਕਾ ਹੀ ਅਗਵਾ ਕਰ ਲਿਆ। ਪੁਲੀਸ ਨੇ ਪੰਜ ਅਗਵਾਕਾਰਾਂ ਖਿਲਾਫ ਕੇਸ ਦਰਜ ਕਰ ਕੇ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਮਨਪ੍ਰੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਨਿਊ ਪੰਜਾਬੀ ਬਾਗ ਕੱਚਾ ਮਲਕ ਰੋਡ ਅਤੇ ਏ.ਐਸ.ਆਈ,ਬਲਬੀਰ ਚੰਦ ਨੇ ਦੱਸਿਆ ਕਿ ਮਨਪ੍ਰੀਤ ਕੌਰ ਦੀ ਭੂਆ ਦੀ ਲੜਕੀ ਜਸਪ੍ਰੀਤ ਕੌਰ ਜੋ ਕੈਨੇਡਾ ਰਹਿੰਦੀ ਹੈ, ਨਾਲ ਗੌਰਵ ਗੋਇਲ ਪੁੱਤਰ ਬਲਦੇਵ ਗੋਇਲ ਫਿਲੀ ਗੇਟ ਜਗਰਾਉਂ ਦਾ ਵਿਆਹ ਕਰਨ ਲਈ ਦੋਹਾਂ ਪਰਿਵਾਰਾਂ ਦੀ 30 ਲੱਖ ’ਚ ਗੱਲ ਹੋਈ ਸੀ। ਗੌਰਵ ਗੋਇਲ ਨੇ ਪੰਜ ਲੱਖ ਰੁਪਏ ਜਸਪ੍ਰੀਤ ਕੌਰ ਦੇ ਪਰਿਵਾਰ ਨੂੰ ਦੇ ਦਿੱਤੇ ਪਰ ਕੁੱਝ ਕਾਰਨਾਂ ਕਰਕੇ ਜਸਪ੍ਰੀਤ ਕੌਰ ਅਤੇ ਗੌਰਵ ਗੋੋਇਲ ਦਾ ਵਿਆਹ ਲੇਟ ਹੋ ਗਿਆ। ਗੌਰਵ ਆਪਣੇ ਪਹਿਲਾਂ ਦਿੱਤੇ ਪੰਜ ਲੱਖ ਰੁਪਏ ਵਾਪਸ ਮੰਗਣ ਲੱਗਾ, ਸ਼ਿਕਾਇਤਕਰਤਾ ਮਨਪ੍ਰੀਤ ਕੌਰ ਅਨੁਸਾਰ ਘਰੇਲੂ ਤੰਗੀ ਕਾਰਨ ਪੈਸੇ ਥੋੜ੍ਹੇ ਲੇਟ ਹੋ ਗਏ ਪਰ ਤਰਾਸਦੀ ਇਹ ਰਹੀ ਕਿ ਗੌਰਵ ਗੋਇਲ, ਉਸ ਦੇ ਸਾਥੀ ਸੰਜੀਵ ਕੁਮਾਰ ਸੋਨੂ ਵਾਰਡ ਨੰਬਰ 3, ਲਾਲੀ ਢਿੱਲੋਂ, ਸੋਨੀ ਮੈਂਬਰ ਅਤੇ ਸੇਬੀ ਹਾਂਸ ਕਲਾਂ ਨੇ ਮਨਪ੍ਰੀਤ ਕੌਰ ਦੇ ਲੜਕੇ ਨੂੰ ਕਲਿਆਣੀ ਹਸਪਤਾਲ ਨੇੜਿਉਂ ਅਗਵਾ ਕਰ ਲਿਆ। ਇਸ ਦੇ ਨਾਲ ਹੀ ਸੰਜੀਵ ਕੁਮਾਰ ਸੋਨੂ ਨੇ ਮਨਪ੍ਰੀਤ ਕੌਰ ਨੂੰ ਫੋਨ ਕਰ ਆਖ ਦਿੱਤਾ ਕਿ ਪੈਸਿਆਂ ਦਾ ਨਬਿੇੜਾ ਕਰ ਕੇ ਲੜਕੇ ਨੂੰ ਛੁਡਾ ਕੇ ਲੈ ਜਾਵੋ। ਮਨਪ੍ਰੀਤ ਕੌਰ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਏ.ਐਸ.ਆਈ,ਬਲਬੀਰ ਚੰਦ ਨੇ ਕੇਸ ਦਰਜ ਕਰਨ ਉਪਰੰਤ ਗੌਰਵ ਗੋਇਲ ਅਤੇ ਸੰਜੀਵ ਕੁਮਾਰ ਨੂੰ ਹਿਰਾਸਤ ’ਚ ਲੈਣ ਉਪਰੰਤ ਦੂਸਰੇ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਵਲੋਂ ਹਰ ਪੱਖ ਤੋਂ ਜਾਂਚ ਕੀਤੀ ਜਾਵੇਗੀ ਜਿਸ ਲਈ ਜਾਂਚ ਅਧਿਕਾਰੀਆਂ ਦੀ ਡਿਊਟੀ ਲਾ ਦਿੱਤੀ ਹੈ।